ਮਹਿੰਦਰ ਸਿੰਘ ਰੱਤੀਆਂ
ਮੋਗਾ, 9 ਸਤੰਬਰ
ਜ਼ਿਲ੍ਹਾ ਪੁਲੀਸ ਮੁਖੀ ਧਰੂਮਨ ਐੱਚ ਨਿੰਬਾਲੇ ਨੇ ਆਪਣੇ ਨਿਵਾਸ ’ਚੋਂ ਇਕ ਵੱਡਾ ਸੱਪ ਜਿਉਂਦਾ ਸਿਰੀ ਤੋਂ ਫੜ ਕੇ ਸਭ ਨੂੰ ਹੈਰਾਨ ਕਰ ਦਿੱਤਾ। ਐੱਸਐੈੱਸਪੀ ਵੱਲੋਂ ਸੱਪ ਫੜਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸ੍ਰੀ ਨਿੰਬਾਲੇ ਘੁੱਟ ਕੇ ਸੱਪ ਦੀ ਸਿਰੀ ਨੱਪਦੇ ਦਿਖਾਈ ਦਿੰਦੇ ਹਨ ਅਤੇ ਉਪਰੰਤ ਉਹ ਸੱਪ ਨੂੰ ਕਿਸੇ ਬੈਗ ਵਿੱਚ ਪਾ ਦਿੰਦੇ ਹਨ।
ਵੇਰਵਿਆਂ ਅਨੁਸਾਰ ਇਥੇ ਸਿੰਜਾਈ ਵਿਭਾਗ ਦੇ ਪੁਰਾਣੇ ਵਿਸ਼ਰਾਮ ਘਰ ਵਿੱਚ ਲੰਘੀ ਦੇਰ ਸ਼ਾਮ ਸੁਰੱਖਿਆ ਕਰਮੀਆਂ ਨੇ ਵੱਡਾ ਸੱਪ ਘੁੰਮਦਾ ਦੇਖ ਕੇ ਰੌਲਾ ਪਾ ਦਿੱਤਾ। ਰੌਲਾ ਸੁਣ ਕੇ ਐੱਸਐੱਸਪੀ ਧਰੂਮਨ ਐੱਚ ਨਿੰਬਾਲੇ ਵੀ ਸਾਦੇ ਪਹਿਰਾਵੇ ਵਿਚ ਬਾਹਰ ਆ ਗਏ। ਐੱਸਐੱਸਪੀ ਨੂੰ ਸੱਪ ਫ਼ਿਰਦਾ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਸੁਰੱਖਿਆ ਮੁਲਾਜ਼ਮਾਂ ਨੂੰ ਪਿਛਾਂਹ ਕਰਦਿਆਂ ਵੇਖਦੇ ਹੀ ਵੇਖਦੇ ਉਸ ਦੀ ਸਿਰੀ ਨੱਪ ਲਈ ਅਤੇ ਆਪਣੇ ਹੱਥਾਂ ਵਿੱਚ ਜਕੜ ਲਿਆ। ਐੱਸਐੱਸਪੀ ਵੱਲੋਂ ਜਿਉਂਦਾ ਸੱਪ ਫੜਨ ਮਗਰੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਬਾਹਰ ਨਿਕਲ ਆਏ ਅਤੇ ਉਨ੍ਹਾਂ ਵੀ ਇਹ ਨਜ਼ਾਰਾ ਅੱਖੀਂ ਦੇਖਿਆ। ਇਸ ਦੌਰਾਨ ਸੁਰੱਖਿਆ ਮੁਲਾਜ਼ਮ ਵੀ ਹੈਰਾਨ ਰਹਿ ਗਏ। ਇਸ ਬਹਾਦਰੀ ਦੀ ਵਿਭਾਗ ਵਿੱਚ ਵੀ ਚਰਚਾ ਹੈ। ਸੱਪ ਫੜਨ ਤੋਂ ਬਾਅਦ ਉਸ ਨੂੰ ਜੰਗਲ ਵਿਚ ਛੱਡ ਦਿੱਤਾ ਗਿਆ। ਐੱਸਐੱਸਪੀ ਦੀ ਬਹਾਦਰੀ ਦੀ ਅੱਜ ਪੂਰਾ ਦਿਨ ਵਿਭਾਗ ਵਿੱਚ ਵੀ ਚਰਚਾ ਛਿੜੀ ਰਹੀ ਕਿ ਗੈਂਗਸਟਰ ਕਿਹੜੇ ਬਾਗ ਦੀ ਮੂਲੀ ਹਨ ਜਦੋਂ ‘ਸਾਹਬ ਸੱਪ ਫੜ’ ਸਕਦੇ ਹਨ। ਦੱਸਿਆ ਜਾ ਰਿਹਾ ਕਿ ਭਾਵੇਂ ਸੱਪ ਜ਼ਹਿਰੀਲਾ ਨਹੀਂ ਸੀ ਪਰ ਐੱਸਐੱਸਪੀ ਵੱਲੋਂ ਜਿਉਂਦਾ ਸੱਪ ਫੜਨ ਦੀ ਚਰਚਾ ਹਰ ਪਾਸੇ ਹੋ ਰਹੀ ਹੈ।