ਪੱਤਰ ਪ੍ਰੇਰਕ
ਮਾਨਸਾ, 1 ਜੁਲਾਈ
ਸਟੇਟ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਭਾਗ ਲੈਣ ਵਾਲੇ ਮਾਨਸਾ ਜ਼ਿਲ੍ਹੇ ਦੇ 250 ਖਿਡਾਰੀਆਂ ਨੂੰ ਸਿੱਖਿਆ ਵਿਕਾਸ ਮੰਚ ਮਾਨਸਾ ਵੱਲੋਂ ਟਰੈੱਕ ਸੂਟ, ਬੂਟ ਅਤੇ ਖੇਡਾਂ ਦਾ ਸਾਮਾਨ ਦੇਣ ਲਈ ਦਿੱਤੀ ਜਾਣ ਵਾਲੀ 2 ਲੱਖ ਰੁਪਏ ਦੀ ਰਾਸ਼ੀ ਵਿੱਚੋਂ 25 ਹਜ਼ਾਰ ਰੁਪਏ ਦੀ ਰਾਸ਼ੀ ਗਲਤੀ ਨਾਲ ਕਿਸੇ ਹੋਰ ਵਿਅਕਤੀ ਦੇ ਖਾਤੇ ਪੈ ਗਈ ਸੀ, ਜਿਸ ਨੂੰ ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਨੇ ਦੋ-ਤਿੰਨ ਦਿਨਾਂ ’ਚ ਵਾਪਸ ਕਰਵਾਇਆ।
ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਵਰ੍ਹੇ 2023 ਦੌਰਾਨ ਭਾਗ ਲੈਣ ਵਾਲੇ ਖਿਡਾਰੀਆਂ ਲਈ ਦਾਨੀ ਸੱਜਣਾਂ ਤੋਂ ਇਲਾਵਾ ਸਮਾਜ ਸੇਵੀ ਨੌਜਵਾਨ ਐਡਵੋਕੇਟ ਯਾਦਵਿੰਦਰ ਸਿੰਘ ਬਹਿਣੀਵਾਲ ਵੱਲੋਂ ਵੀ 25,000 ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਸੀ, ਪਰ ਇਹ ਗਲਤ ਖਾਤਾ ਨੰਬਰ ਦਿੱਤੇ ਜਾਣ ਕਾਰਨ ਜੰਮੂ-ਕਸ਼ਮੀਰ ’ਚ ਕੰਮ ਕਰਦੇ ਕਿਸੇ ਕਰਮਚਾਰੀ ਦੇ ਖਾਤੇ ਵਿੱਚ ਪੈ ਗਈ। ਪਿਛਲੇ ਛੇ-ਸੱਤ ਮਹੀਨਿਆਂ ਤੋਂ ਸਬੰਧਤ ਵਿਅਕਤੀ ਨੂੰ ਵਾਰ-ਵਾਰ ਬੇਨਤੀ ਕੀਤੀ ਗਈ ਕਿ ਇਹ ਬੱਚਿਆਂ ਦੇ ਪੈਸੇ ਹਨ, ਵਾਪਸ ਕਰ ਦਿੱਤੇ ਜਾਣ, ਪਰ ਉਸ ਵੱਲੋਂ ਟਾਲ-ਮਟੋਲ ਕੀਤਾ ਜਾ ਰਿਹਾ ਸੀ, ਪਰ ਜਦੋਂ ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਨੂੰ ਲਿਖਤੀ ਬੇਨਤੀ ਕੀਤੀ ਗਈ ਤਾਂ ਉਨ੍ਹਾਂ ਦੋ-ਤਿੰਨ ਦਿਨਾਂ ’ਚ ਹੀ ਸਬੰਧਤ ਵਿਅਕਤੀ ਨੇ 25 ਹਜ਼ਾਰ ਰੁਪਏ ਦੀ ਰਾਸ਼ੀ ਵਾਪਸ ਕਰ ਦਿੱਤੀ।