ਮਹਿੰਦਰ ਸਿੰਘ ਰੱਤੀਆਂ
ਮੋਗਾ, 9 ਜੂਨ
ਸੂਬੇ ’ਚ ਕਿਸਾਨਾ ਨੇ ਨਿਰਧਾਰਤ 10 ਜੂਨ ਤੋਂ ਇਕ ਦਿਨ ਪਹਿਲਾਂ ਹੀ ਝੋਨੇ ਦੀ ਲੁਆਈ ਸ਼ੁਰੂ ਕਰ ਦਿੱਤੀ ਹੈ। ਕਰੋਨਾ ਸੰਕਟ ਦਾ ਵਰ੍ਹਾਂ ਹੋਣ ਕਰਕੇ ਖੇਤੀਬਾੜੀ ਵਿਭਾਗ ਨੇ ਸਖਤੀ ਨਹੀਂ ਦਿਖਾਈ। ਪਾਵਰਕੌਮ ਵੱਲੋਂ 10 ਜੂਨ ਤੋਂ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਣੀ ਹੈ। ਕਰੋਨਾ ਸੰਕਟ ਕਾਰਨ ਉੱਤਰ-ਪੂਰਬੀ ਸੂਬਿਆਂ ਤੋਂ ਪਰਵਾਸੀ ਕਾਮਿਆਂ ਦੀ ਘਾਟ ਨੇ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਕਿਸਾਨ ਰੇਲਵੇ ਸਟੇਸ਼ਨਾਂ ਤੇ ਬੱਸ ਅੱਡਿਆਂ ’ਤੇ ਮਹਿਮਾਨਾਂ ਵਾਂਗ ਪਰਵਾਸੀ ਮਜ਼ਦੂਰ ਦੀ ਉਡੀਕ ਕਰ ਰਹ ਰਹੇ ਹਨ।
ਖੇਤੀ ਸੈਕਟਰ ’ਚ ਪਰਵਾਸੀ ਮਜ਼ਦੂਰਾਂ ਦੀ ਇਸ ਸਾਲ ਵੀ ਘਾਟ ਕਾਰਨ ਝੋਨੇ ਦੀ ਲਵਾਈ ਨੂੰ ਲੈ ਕੇ ਸੂਬੇ ’ਚ ਕਿਸਾਨਾਂ ਨੂੰ ਤਕੜਾ ਆਰਥਿਕ ਝਟਕਾ ਲੱਗ ਰਿਹਾ ਹੈ। ਖੇਤੀਬਾੜੀ ਵਿਭਾਗ ਨੇ ਮਜਦੂਰਾਂ ਦੀ ਘਾਟ ਦਾ ਬਦਲਵਾਂ ਪ੍ਰਬੰਧ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ (ਡੀਐਸਆਰ ਪ੍ਰਣਾਲੀ) ਰਾਹੀਂ ਕੱਢਿਆ ਹੈ। ਕਰੋਨਾ ਕਾਰਨ ਪਿਛਲੇ ਸਾਲ ਦੀ ਸਖ਼ਤ ਤਾਲਾਬੰਦੀ ਤੋਂ ਡਰੇ ਪਰਵਾਸੀ ਮਜ਼ਦੂਰ ਆਪਣੇ ਪਿਤਰੀ ਰਾਜਾਂ ਨੂੰ ਚਲੇ ਗਏ ਸਨ। ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਤੇ ਖੇਤੀ ਮਾਹਰ ਰਾਜਪੁਰਸ ਕਾਰ ਜੇਤੂ ਡਾ. ਜਸਵਿੰਦਰ `ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹੇ ’ਚ 59 ਹਜ਼ਾਰ 200 ਹੈਕਟੇਅਰ ਰਕਬੇ ਵਿੱਚ ਝੋਨਾ, ਬਾਸਮਤੀ ਦੀ ਸਿੱਧੀ ਬਿਜਾਈ ਦਾ ਟੀਚਾ ਪੂਰਾ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਤਰਰੀਬਨ 1.18ਲੱਖ ਹੇਕਟੇਅਰ ਰਕਬੇ ਵਿੱਚ ਹੱਥੀਂ ਝੋਨਾ ਲੁਆਈ ਦੀ ਸੰਭਾਵਨਾ ਹੈ।
ਬੀਕੇਯੂ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਵਾਰ ਪੱਛਮੀ ਬੰਗਾਲ ਤੋਂ ਮਜ਼ਦੂਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਨੂੰ ਲਿਆਉਣ ਲਈ ਕਿਸਾਨਾਂ ਵੱਲੋਂ ਲੁਧਿਆਣਾ, ਬਠਿੰਡਾਂ ਤੇ ਫ਼ਿਰੋਜਪੁਰ ਰੇਲਵੇ ਸਟੇਸ਼ਨਾਂ ਉਤੇ ਨਜ਼ਰ ਟਿਕਾਈ ਹੋਈ ਹੈ। ਕਿਸਾਨ ਆਖਦੇ ਹਨ ਕਿ ਅਸਲ ’ਚ ਸਰਕਾਰਾ ਦੀ ਖੇਤੀ ਖੇਤਰ ਪ੍ਰਤੀ ਨੀਅਤ ਸਾਫ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਸੁਹਿਰਦ ਹੁੰਦੀਆਂ ਤਾਂ ਅੰਨਦਾਤਾ ਇੰਝ ਨਾ ਰੁਲਦਾ। ਉਨ੍ਹਾਂ ਆਖਿਆ ਕਿ ਕਰੋਨਾ ਤਾਂ ਹਕੂਮਤਾਂ ਲਈ ਢਾਲ ਬਣਿਆ ਹੈ ਬਲਕਿ ਉਹ ਤਾਂ ਨਿੱਤ ਨਵੇਂ ਢੰਗ ਈਜਾਦ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਕੰਪਨੀਆਂ ਹਵਾਲੇ ਕਰਨਾ ਚਾਹੁੰਦੀਆਂ ਹਨ ਜਿਸ ਦੀ ਇੱਕ ਮਿਸਾਲ ਕੋਈ ਪੱਕੀ ਖੇਤੀ ਨੀਤੀ ਨਾ ਬਨਾਉਣਾ ਵੀ ਹੈ।ਪੰਜਾਬ ‘ਚ ਲੇਬਰ ਦਾ ਸੰਕਟ ਸਿਰਫ ਕਰੋਨਾ ਵਾਇਰਸ ਦੀ ਦੇਣ ਨਹੀਂ ਹੈ ਬਲਕਿ ਜਦੋਂ ਤੋਂ ਯੂਪੀ ਤੇ ਬਿਹਾਰ ‘ਚ ਨਰੇਗਾ ਤੇ ਸਨਅਤੀਕਰਨ ਦੇ ਚੱਲਦਿਆਂ ਸਥਾਨਕ ਪੱਧਰ ’ਤੇ ਰੁਜ਼ਗਾਰ ਮਿਲਣ ਲੱਗਿਆ ਹੈ ਤਾਂ ਪਰਵਾਸੀ ਮਜਦੂਰ ਪੰਜਾਬ ’ਚ ਆਉਣ ਤੋਂ ਪਾਸਾ ਵੱਟਣ ਲੱਗੇ ਹਨ। ਹਰ ਸਾਲ ਹੀ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ।
ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਲਈ ਪੂਰੀ ਤਿਆਰੀ
ਸਮਾਲਸਰ (ਪੱਤਰ ਪ੍ਰੇਰਕ) ਸਮਾਲਸਰ ਖੇਤਰ ’ਚ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਖੇਤਾਂ ਦੀ ਤਿਆਰੀ ਚੱਲ ਰਹੀ ਹੈ। ਖੇਤ ਝੋਨੇ ਦੀ ਲਵਾਈ ਲਈ ਪੂਰੀ ਤਰ੍ਹਾਂ ਤਿਆਰ ਹਨ। ਬੀਤੇ ਦਿਨ ਕਿਸਾਨਾ ਨੇ ਖੇਤਾਂ ਵਿਚ ਪਾਣੀ ਭਰ ਕੇ ਕੱਦੂ ਕਰਨਾ ਸ਼ੁਰੁੁ ਕਰ ਦਿੱਤਾ ਸੀ। ਅੱਜ ਅਨੇਕਾਂ ਕਿਸਾਨਾਂ ਨੇ ਝੋਨੇ ਦੀ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਲਵਾਈ ਲਈ ਬਿਹਾਰੀ ਮਜ਼ਦੂਰਾਂ ਦੀ ਮੰਗ ਜ਼ਿਆਦਾ ਹੈ। ਕਿਸਾਨਾਂ ਨੇ ਬਿਹਾਰੀ ਮਜ਼ਦੂਰਾਂ ਨੂੰ ਕਰੀਬ ਹਫਤਾ ਪਹਿਲਾਂ ਹੀ ਬੁੱਕ ਕਰ ਛੱਡਿਆ ਸੀ ਤੇ ਅੱਜ ਬਿਹਾਰੀ ਮਜ਼ਦੂਰਾਂ ਨੇ ਅਨੇਕਾਂ ਖੇਤਾਂ ਵਿੱਚ ਝੋਨੇ ਦੀ ਫਸਲ ਦੀ ਲਵਾਈ ਸ਼ੁਰੂ ਕਰ ਦਿੱਤੀ ਹਾਲਾਂਕਿ ਸਰਕਾਰ ਵੱਲੋਂ ਝੋਨੇ ਦੀ ਲਵਾਈ ਦਸ ਜੂਨ ਤੋਂ ਮਿਥੀ ਹੋਈ ਹੈ।
ਕਿਸਾਨਾਂ ਨੂੰ ਮਿਲੇਗੀ 8 ਘੰਟੇ ਬਿਜਲੀ
ਮਾਨਸਾ (ਜੋਗਿੰਦਰ ਸਿੰਘ ਮਾਨ) ਪੰਜਾਬ ਵਿੱਚ ਭਲਕੇ ਤੋਂ ਝੋਨੇ ਦੀ ਲਵਾਈ ਆਰੰਭ ਹੋਣ ਜਾ ਰਹੀ ਹੈ, ਜਿਸ ਲਈ ਪੰਜਾਬ ਰਾਜ ਪਾਵਰਕੌਮ (ਪੀਐਸਪੀਸੀਐਲ) ਵੱਲੋਂ ਕਿਸਾਨਾਂ ਨੂੰ ਲਗਾਤਾਰ 8 ਘੰਟੇ ਬਿਜਲੀ ਸਪਲਾਈ ਅੱਜ ਅੱਧੀ ਰਾਤ ਤੋਂ ਮਿਲਣੀ ਆਰੰਭ ਹੋ ਜਾਵੇਗੀ। ਕਿਸਾਨਾਂ ਨੂੰ ਲੋੜੀਂਦੀ ਬਿਜਲੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਤਲਵੰਡੀ ਸਾਬੋ ਪਾਵਰ ਲਿਮ. ਦੇ ਬਣਾਂਵਾਲਾ ਵਿੱਚ ਸਥਿਤ ਤਾਪ ਘਰ ਨੂੰ ਚਲਾਉਣ ਲਈ ਬਕਾਇਦਾ ਆਦੇਸ਼ ਜਾਰੀ ਕੀਤੇ ਗਏ ਹਨ। ਦਿਲਚਸਪ ਗੱਲ ਹੈ ਕਿ ਇਸ ਖੇਤਰ ਵਿੱਚ ਕਿਸਾਨ ਜਥੇਬੰਦੀਆਂ ਦੇ ਪ੍ਰਭਾਵ ਹੇਠਲੇ ਪਿੰਡਾਂ ਵਿੱਚ ਕਿਸਾਨਾਂ ਨੇ ਪਿਛਲੇ ਕਈ ਦਿਨਾਂ ਤੋਂ ਝੋਨਾ ਲਾਉਣਾ ਆਰੰਭ ਵੀ ਕੀਤਾ ਹੋਇਆ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿੱਚ ਇਸ ਵਾਰ ਕਰੋਨਾਵਾਇਰਸ ਦੇ ਪ੍ਰਭਾਵ ਕਾਰਨ ਦੂਜੀ ਦਫ਼ਾ 10 ਜੂਨ ਤੋਂ ਝੋਨੇ ਦੀ ਲੁਵਾਈ ਆਰੰਭ ਹੋਣ ਜਾ ਰਹੀ ਹੈ, ਜਦੋਂਕਿ ਇਸ ਤੋਂ ਪਹਿਲਾਂ ਅਕਸਰ ਇਹ ਲੁਵਾਈ 15 ਤੇ 20 ਜੂਨ ਨੂੰ ਆਰੰਭ ਹੋਇਆ ਕਰਦੀ ਸੀ, ਪਰ ਇਸ ਵਾਰ ਮੁੜ ਕਰੋਨਾਵਾਇਰਸ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਸਦਕਾ ਸੂਬਾ ਸਰਕਾਰ ਨੇ 10 ਜੂਨ ਤੋਂ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ।ਪਿੰਡਾਂ ’ਚੋਂ ਹਾਸਲ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਇਸ ਵਾਰ ਕਿਸਾਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਵੀ ਬਹੁਤ ਰੁਝਾਨ ਵੱਧਿਆ ਹੈ ਅਤੇ ਬਹੁਤ ਸਾਰੀਆਂ ਥਾਵਾਂ ’ਤੇ ਇਹ ਬਿਜਾਈ ਕਾਮਯਾਬ ਹੁੰਦੀ ਵਿਖਾਈ ਦੇਣ ਲੱਗੀ ਹੈ। ਬੇਸ਼ੱਕ ਕਿਸਾਨਾਂ ਦੇ ਇਸ ਰੁਝਾਨ ਤੋਂ ਖੇਤੀ ਮਹਿਕਮੇ ਦੇ ਅਧਿਕਾਰੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ, ਪਰ ਅਜੇ ਵੀ ਅਨੇਕਾਂ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਪੰਜਾਬੀ ਮਜ਼ਦੂਰਾਂ ਰਾਹੀਂ ਝੋਨੇ ਦੀ ਇਸ ਲੁਵਾਈ ਨੂੰ ਭਲਕੇ ਤੋਂ ਆਰੰਭ ਕੀਤੇ ਜਾਣ ਦੇ ਵੇਰਵੇ ਹਾਸਲ ਹੋਏ ਹਨ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦੇ ਇਸ ਜ਼ਿਲ੍ਹੇ ਵਿੱਚ ਸਥਿਤ ਇੱਕ ਅਧਿਕਾਰੀ ਜਸਪ੍ਰੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਸਰਕਾਰੀ ਆਦੇਸ਼ਾਂ ਤਹਿਤ ਭਲਕੇ ਤੋਂ ਝੋਨੇ ਦੀ ਲੁਵਾਈ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣੀ ਆਰੰਭ ਕੀਤੀ ਜਾ ਰਹੀ ਹੈ। ਕਾਰਪੋਰੇਸ਼ਨ ਦੇ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਝੋਨੇ ਦੇ ਸੀਜ਼ਨ ਲਈ 14 ਲੱਖ ਖੇਤੀਬਾੜੀ ਟਿਊਵੈਲ ਖਪਤਕਾਰਾਂ ਨੂੰ 8 ਘੰਟੇ ਰੋਜ਼ਾਨਾ ਬਿਜਲੀ ਸਪਲਾਈ ਦਿੱਤੀ ਜਾਵੇਗੀ।