ਖੇਤਰੀ ਪ੍ਰਤੀਨਿਧ
ਬਰਨਾਲਾ, 14 ਅਗਸਤ
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਇਤਿਹਾਸਕ ਕਿਸਾਨੀ ਘੋਲ ਨੂੰ ਸਮਰਪਿਤ ਸੂਬਾ ਪੱਧਰੀ ਚੌਥੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦਾ ਨਤੀਜਾ ਅੱਜ ਸਥਾਨਕ ਤਰਕਸ਼ੀਲ ਭਵਨ ਤੋਂ ਜਾਰੀ ਕੀਤਾ ਗਿਆ। ਨਤੀਜਾ ਜਾਰੀ ਕਰਦਿਆਂ ਸੁਸਾਇਟੀ ਦੇ ਸੂਬਾਈ ਮੁਖੀ ਰਜਿੰਦਰ ਭਦੌੜ ਨੇ ਦੱਸਿਆ ਕਿ ਇਸ ਵਾਰ ਪ੍ਰੀਖਿਆ ਵਿੱਚ ਪੰਜਾਬ ਭਰ ਦੇ ਮਿਡਲ ਤੇ ਸੈਕੰਡਰੀ ਵਿਭਾਗਾਂ ਦੇ 25,443 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਸੈਕੰਡਰੀ ਵਰਗ ਵਿੱਚ ਹਰਮਨਦੀਪ ਕੌਰ (10ਵੀਂ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਮੂਆਣਾ (ਬਠਿੰਡਾ), ਅਮਰਿੰਦਰ ਕੌਰ (12ਵੀਂ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ (ਮਾਲੇਰਕੋਟਲਾ), ਪੁਸ਼ਪਿੰਦਰ ਸਿੰਘ (12ਵੀਂ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਪਹਿਲੇ ਸਥਾਨਾਂ ’ਤੇ ਰਹੇ। ਮਿਡਲ ਵਰਗ ਵਿੱਚ ਵਿਦਿਆਰਥਣ ਕਿਰਨ (7ਵੀਂ) ਅੱਪੂ ਵਿਦਿਆਲਿਆ ਬਠਿੰਡਾ ਤੇ ਸੁਨੇਹਾ (7ਵੀਂ) ਟੈਗੋਰ ਨਿਕੇਤਨ ਹਾਈ ਸਕੂਲ ਖਰੜ ਮੋਹਰੀ ਰਹੀਆਂ। ਸੈਕੰਡਰੀ ਵਰਗ ਵਿੱਚ 91 ਤੋਂ 97 ਅੰਕ ਪ੍ਰਾਪਤ ਕਰਨ ਵਾਲੇ ਤੇ ਮਿਡਲ ਵਿੱਚੋਂ 86 ਤੋਂ 93 ਅੰਕ ਪ੍ਰਾਪਤ ਕਰਨ ਵਾਲੇ ਵੀਹ ਵੀਹ ਵਿਦਿਆਰਥੀਆਂ ਨੂੰ ਸੂਬਾ ਪੱਧਰੀ ਪੁਜੀਸ਼ਨ ਲਈ ਚੁਣਿਆ ਗਿਆ ਹੈ।
ਇਸ ਤੋਂ ਘੱਟ ਅੰਕਾਂ ਵਾਲੇ ਵਿਦਿਆਰਥੀਆਂ ਨੂੰ ਜ਼ੋਨ ਮੁਕਾਬਲਿਆਂ ਲਈ ਚੁਣਿਆ ਗਿਆ। ਆਗੂ ਨੇ ਆਖਿਆ ਕਿ ਚੇਤਨਾ ਪ੍ਰੀਖਿਆ ਵਿੱਚ ਵਿਦਿਆਰਥੀਆਂ ਦਾ ਵਧ ਰਿਹਾ ਰੁਝਾਨ ਚੰਗੇਰੇ ਭਵਿੱਖ ਦਾ ਜ਼ਾਮਨ ਹੈ।
ਰਜਿੰਦਰ ਭਦੌੜ ਨੇ ਤਰਕਸ਼ੀਲ ਚੇਤਨਾ ਪ੍ਰੀਖਿਆ ਨੂੰ ਸਫ਼ਲ ਕਰਨ ਲਈ ਸਾਰੇ ਸਕੂਲ ਮੁਖੀਆਂ, ਅਧਿਆਪਕਾਂ, ਪ੍ਰੀਖਿਆ ਵਿੱਚ ਬਤੌਰ ਨਿਗਰਾਨ ਡਿਊਟੀ ਦੇਣ ਵਾਲੇ ਸਟਾਫ ਦਾ ਧੰਨਵਾਦ ਕਰਦਿਆਂ ਪ੍ਰੀਖਿਆ ਵਿੱਚ ਬੈਠੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਪ੍ਰੀਖਿਆ ਲਈ ਸਹਿਯੋਗ ਦੇਣ ਲਈ ਦਸਵੀਂ ਕਲਾਸ ਦੀ ਵਿਦਿਆਰਥਣ ਆਂਸ਼ਕਾ ਰਾਮਪੁਰਾ ਤੇ ਨਤੀਜੇ ਨੂੰ ਮੁਕੰਮਲ ਕਰਨ ਮਾਸਟਰ ਗਗਨ ਰਾਮਪੁਰਾ, ਗੁਰਪ੍ਰੀਤ ਸ਼ਹਿਣਾ ਦੀ ਸ਼ਲਾਘਾ ਕੀਤੀ।