ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਨਵੰਬਰ
ਇੱਥੇ ਪੁਲੀਸ ਨੇ ਕਸਬਾ ਕੋਟ ਈਸੇ ਖਾਂ ਵਿੱਚ ਇਕ ਕਾਂਗਰਸੀ ਆਗੂ ਦੇ ਪੈਲੇਸ ’ਚੋਂ ਪਟਾਕਿਆਂ ਦਾ ਵੱਡਾ ਜਖ਼ੀਰਾ ਬਰਾਮਦ ਕੀਤਾ ਹੈ। ਕਾਂਗਰਸੀ ਆਗੂ ਅਤੇ ਦੋ ਪੈਲਸ ਮੈਨੇਜਰਾਂ ਖ਼ਿਲਾਫ਼ ਇੰਡੀਅਨ ਐਕਸਪਲੋਸਿਵ ਐਕਟ ਅਧੀਨ ਕੇਸ ਦਰਜ਼ ਕਰਕੇ ਦੋਵੇਂ ਮੈਨੇਜਰਾਂ ਨੁੰ ਗ੍ਰਿਫ਼ਤਾਰ ਕਰ ਲਿਆ ਹੈ।
ਸਥਾਨਕ ਐੱਸਪੀ (ਜਾਂਚ) ਜਗਤਪ੍ਰੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਕੋਟ ਈਸੇ ਖਾਂ ਸਥਿਤ ਜੀਐੱਮ ਪੈਲੇਸ ਵਿੱਚ ਬਿਨਾਂ ਮਨਜ਼ੂਰੀ ਤੋਂ ਪਟਾਕਿਆਂ ਦਾ ਵੱਡਾ ਜਖ਼ੀਰਾ ਰੱਖਿਆ ਹੋਇਆ ਹੈ। ਸੂਚਨਾ ਮਿਲਣ ’ਤੇ ਥਾਣਾ ਕੋਟ ਈਸੇ ਖਾਂ ਦੇ ਮੁਖੀ ਸੰਦੀਪ ਸਿੰਘ ਤੋਂ ਇਲਾਵਾ ਡੀਐੱਸਪੀ ਧਰਮਕੋਟ ਸੁਬੇਗ ਸਿੰਘ ਤੇ ਕੋਟ ਈਸੇ ਖਾਂ ਦੇ ਨਾਇਬ ਤਹਿਸੀਲਦਾਰ-ਕਮ-ਕਾਰਜਕਾਰੀ ਮੈਜਿਸਟਰੇਟ ਮਲੂਕ ਸਿੰਘ ਵੀ ਮੌੌਕੇ ਉੱਤੇ ਪਹੁੰਚ ਗਏ। ਪੁਲੀਸ ਨੇ ਦੀਵਾਲੀ ਅਤੇ ਗੁਰਪੁਰਬ ਲਈ ਸਟੋਰ ਵੱਡੀ ਮਾਤਰਾ ਵਿੱਚ ਸਟੋਰ ਕੀਤੇ ਪਟਾਕੇ ਪੈਲੇਸ ’ਚੋਂ ਬਰਾਮਦ ਕੀਤੇ। ਇਸ ਮਾਮਲੇ ਵਿੱਚ ਪੈਲੇਸ ਦੇ ਮਾਲਕ ਸੁਮਿਤ ਉਰਫ਼ ਬਿੱਟੂ ਮਲਹੋਤਰਾ ਤੋਂ ਇਲਾਵਾ ਪੈਲੇਸ ਦੇ ਮੈਨੇਜਰਾਂ ਦੀਪਕ ਅਤੇ ਰਾਜ ਕੁਮਾਰ ਖ਼ਿਲਾਫ਼ ਆਈਪੀਸੀ ਦੀ ਧਾਰਾ 188/285, ਇੰਡੀਅਨ ਐਕਸਪਲੋਸਿਵ ਐਕਟ ਦੀ ਧਾਰਾ 9ਬੀ ਤਹਿਤ ਕੇਸ ਦਰਜ ਕਰ ਕੇ ਪੁਲੀਸ ਨੇ ਦੋਵੇਂ ਮੈਨੇਜਰਾਂ ਦੀਪਕ ਤੇ ਰਾਜ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੈਲੇਸ ਮਾਲਕ ਸੁਮਿਤ ਉਰਫ਼ ਬਿੱਟੂ ਮਲਹੋਤਰਾ ਦੀ ਪਤਨੀ ਸਾਬਕਾ ਕੌਂਸਲਰ ਹੈ। ਦੋ ਦਿਨ ਪਹਿਲਾਂ ਇਸ ਖੇਤਰ ਦੇ ਵੱਡੀ ਗਿਣਤੀ ਕਾਂਗਰਸੀ ਆਗੂਆਂ ਨੇ ਹਲਕਾ ਵਿਧਾਇਕ ਕੋਲ ਦੁੱਖੜੇ ਰੋਏ ਸਨ ਕਿ ਪੁਲੀਸ ਤੇ ਪ੍ਰਸ਼ਾਸਨ ਉੂਨ੍ਹਾਂ ਦੀ ਕੋਈ ਗੱਲ ਨਹੀਂ ਸੁਣਦਾ ਅਤੇ ਨਾ ਹੀ ਥਾਣਿਆਂ ਵਿੱਚ ਉਨ੍ਹਾਂ ਦੀ ਕੋਈ ਪੁੱਛ ਹੁੰਦੀ ਹੈ।
ਪਟਾਕੇ ਸਟੋਰ ਕਰਨ ’ਤੇ ਚਾਰ ਦੁਕਾਨਦਾਰ ਪੁਲੀਸ ਅੜਿੱਕੇ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਬਿਨਾਂ ਲਾਇਸੈਂਸ ਤੇ ਸੁਰੱਖਿਆ ਪ੍ਰਬੰਧਾਂ ਤੋਂ ਪਟਾਕੇ ਸਟੋਰ ਕਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਦੀ ਪੁਲੀਸ ਨੇ ਚਾਰ ਦੁਕਾਨਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਬਾਅਦ ਦੁਪਹਿਰ ਪੁਲੀਸ ਨੇ ਕਾਰਵਾਈ ਕਰਦਿਆਂ ਸ਼ਹਿਰ ਭਰ ਅੰਦਰ ਦੁਕਾਨਾਂ ਦੀ ਚੈਕਿੰਗ ਕੀਤੀ ਸੀ, ਜਿਸ ਤਹਿਤ ਵੱਡੀ ਮਾਤਰਾ ਵਿੱਚ ਸਟੋਰ ਕੀਤੇ ਪਟਾਕੇ ਬਰਾਮਦ ਕੀਤੇ ਗਏ ਸਨ।