ਨਿੱਜੀ ਪੱਤਰ ਪ੍ਰੇਰਕ
ਮਾਨਸਾ, 31 ਜੁਲਾਈ
ਸਰਕਾਰ ਵੱਲੋਂ ਜਨਤਕ ਮੁਜ਼ਾਹਰੇ ਕਰਨ ’ਤੇ ਲਾਈ ਪਾਬੰਦੀ ਦਾ ਬਦਲ ਲੱਭਦਿਆਂ ਬੇਰੁਜ਼ਗਾਰਾਂ ਨੇ ਸੰਘਰਸ਼ ਲਈ ਨਵਾਂ ਰਾਹ ਚੁਣਦਿਆਂ ਪਿੰਡਾਂ ਦੀਆਂ ਸੱਥਾਂ, ਸਾਝੀਆਂ ਥਾਵਾਂ, ਸੂਏ ਕੱਸੀਆਂ ਦੇ ਪੁਲ, ਬੋਹੜਾਂ ਪਿੱਪਲਾਂ ਹੇਠ ਬਣੇ ਥੜ੍ਹਿਆਂ ਨੂੰ ਰੁਜ਼ਗਾਰ ਦੀਆਂ ਮੰਗਾਂ ਉਭਾਰਦੇ ਨਾਅਰੇ ਲਿਖਣ ਲਈ ਚੁਣਿਆ ਹੈ। ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਮੈਂਬਰਾਂ ਨੇ ਸਰਕਾਰ ਦੀ ਨੀਂਦ ਖੋਲ੍ਹਣ ਤੇ ਕੀਤੇ ਵਾਅਦੇ ਪੂਰੇ ਕਰਵਾਉਣ ਦੀ ਬਾਤ ਪਾਉਂਦੇ ਨਾਅਰਿਆਂ ਨਾਲ ਕੰਧਾਂ ਰੰਗ ਦਿੱਤੀਆਂ ਹਨ। ਇੱਥੇ ਮਾਨਸਾ ਰੋਡ, ਚੀਮਾ ਰੋਡ, ਬਰਨਾਲਾ ਅਤੇ ਬੁਢਲਾਡਾ ਰੋਡ ਸਮੇਤ ਹੋਰ ਅਨੇਕਾਂ ਥਾਵਾਂ ਉੱਤੇ ਬੇਰੁਜ਼ਗਾਰਾਂ ਵੱਲੋਂ ਆਪਣੀਆਂ ਮੰਗਾਂ ਨਾਲ ਸਬੰਧਤ ਨਾਅਰੇ ਲਿਖੇ ਗਏ। ਯੂਨੀਅਨ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਵਿੱਦਿਅਕ ਯੋਗਤਾਵਾਂ ਪੂਰੀਆਂ ਕਰਨ ਦੇ ਬਾਵਜੂਦ ਨੌਕਰੀ ਉਡੀਕਦਿਆਂ ਹਜ਼ਾਰਾਂ ਉਮੀਦਵਾਰ ਨਿਰਧਾਰਤ ਉਮਰ ਹੱਦ ਲੰਘਾ ਚੁੱਕੇ ਹਨ। ਯੂਨੀਅਨ ਆਗੂ ਗੁਰਪਿਆਰ ਸਿੰਘ ਬੋੜਾਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ ਨੌਕਰੀ ਦਾ ਵਾਅਦਾ ਅਜੇ ਤੱਕ ਵੀ ਪੂਰਾ ਨਹੀਂ ਕੀਤਾ ਹੈ। ਇਸ ਮੌਕੇ ਕੁਲਦੀਪ ਸਿੰਘ, ਅੰਮ੍ਰਿਤਪਾਲ ਸਿੰਘ ਭੁਪਾਲ, ਅਮਰੀਕ ਸਿੰਘ ਅਲੀਸ਼ੇਰ ਤੇ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।