ਜੋਗਿੰਦਰ ਸਿੰਘ ਮਾਨ/ਐਨ.ਪੀ ਸਿੰਘ
ਮਾਨਸਾ/ਬੁਢਲਾਡਾ, 6 ਅਕਤੂਬਰ
ਮਾਨਸਾ ਜ਼ਿਲ੍ਹੇ ਦੇ ਪਿੰਡ ਗੜੱਦੀ ਵਿੱਚ ਭੇਡਾਂ, ਬੱਕਰੀਆਂ ਦੇ ਇੱਜੜ ’ਤੇ ਹੱਡਾ ਰੋੜੀ ਦੇ ਖੂੰਖਾਰ ਕੁੱਤਿਆਂ ਨੇ ਹਮਲਾ ਕਰਕੇ ਉਨ੍ਹਾਂ ਨੂੰ ਨੋਚ ਧਰਿਆ ਹੈ। ਇਸ ਕਾਰਨ 37 ਭੇਡਾਂ ਅਤੇ 19 ਦੇ ਕਰੀਬ ਬੱਕਰੀਆਂ ਮਾਰੀਆਂ ਗਈਆਂ ਹਨ। ਇਸ ਘਟਨਾ ਨੂੰ ਲੈ ਕੇ ਸਮੂਹ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ। ਲੋਕਾਂ ਨੇ ਪੰਜਾਬ ਸਰਕਾਰ ਅਤੇ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਆਵਾਰਾ ਕੁੱਤਿਆਂ ਤੋਂ ਪਿੰਡ ਦੀ ਸੁਰੱਖਿਆ ਕਰਨ ਦੀ ਮੰਗ ਕੀਤੀ ਹੈ। ਪਿੰਡ ਦੀ ਪੰਚਾਇਤ ਨੇ ਪਸ਼ੂ ਪਾਲਣ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਭਵਿੱਖ ਵਿੱਚ ਅਜਿਹੀ ਘਟਨਾ ਵਾਪਰਨ ਤੋਂ ਰੋਕਣ ਲਈ ਕਦਮ ਚੁੱਕੇ ਜਾਣ।
ਪਿੰਡ ਗੜੱਦੀ ਵਾਸੀ ਪੀੜਤ ਆਜੜੀ ਹਮੀਰ ਸਿੰਘ, ਨਿਰਮਲ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਤਿੰਨੇ ਜਾਣੇ ਸਾਂਝਾ ਇੱਜੜ ਕਰਕੇ ਭੇਡਾਂ-ਬੱਕਰੀਆਂ ਪਾਲਦੇ ਹਨ। ਇਸ ਨਾਲ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਚੱਲਦਾ ਹੈ। ਉਨ੍ਹਾਂ ਕਿਹਾ ਕਿ ਇੱਜੜ ਲਾਗੇ ਪਿੰਡ ਨਜ਼ਦੀਕ ਇਕ ਹੱਡਾ ਰੋੜੀ ਬਣੀ ਹੋਈ ਹੈ, ਜਿੱਥੇ ਆਵਾਰਾ ਕੁੱਤੇ ਘੁੰਮਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਬੁੱਧਵਾਰ ਦੀ ਰਾਤ ਆਵਾਰਾ ਕੁੱਤਿਆਂ ਨੇ ਉਨ੍ਹਾਂ ਦੀਆਂ ਭੇਡਾਂ-ਬੱਕਰੀਆਂ ਦੇ ਇੱਜੜ ’ਤੇ ਹਮਲਾ ਕਰਕੇ 37 ਭੇਡਾਂ ਅਤੇ 17 ਬੱਕਰੀਆਂ ਨੂੰ ਨੋਚ ਖਾਧਾ ਹੈ। ਇਸ ਨਾਲ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਪਿੰਡ ਗੁੜੱਦੀ ਦੇ ਸਮਾਜ ਸੇਵੀ ਅਤੇ ਉੱਘੇ ਕਿਸਾਨ ਰਮਨਦੀਪ ਸਿੰਘ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੱਡਾਰੋੜੀ ਨੂੰ ਪਿੰਡ ਤੋਂ ਬਾਹਰ ਕੱਢਿਆ ਜਾਵੇ।
ਪਟਵਾਰੀ ਘੋਲਾ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਬਾਅਦ ਦੱਸਿਆ ਕਿ ਉਨ੍ਹਾਂ ਵਲੋਂ ਰਿਪੋਰਟ ਤਿਆਰ ਕਰਕੇ ਪ੍ਰਸ਼ਾਸਨ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਗਈ ਹੈ। ਪਿੰਡ ਦੇ ਸਰਪੰਚ ਮਹਿੰਦਰ ਸਿੰਘ ਨੇ ਦੱਸਿਆ ਕਿ ਪੀੜ੍ਹਤ ਪਰਿਵਾਰਾਂ ਦਾ ਤਕਰੀਬਨ 15 ਲੱਖ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਪੀੜਤਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਉਨ੍ਹਾਂ ਐਸਡੀਐਮ ਨੂੰ ਨੁਕਸਾਨ ਦੀ ਰਿਪੋਰਟ ਬਣਾਉਣ ਲਈ ਕਿਹਾ ਹੈ, ਜਿਸ ਨੂੰ ਮੁੱਖ ਮੰਤਰੀ ਕੋਲ ਭੇਜ ਕੇ ਪੀੜਤ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਜਲਦੀ ਦਿਵਾਇਆ ਜਾਵੇਗਾ। ਦੂਜੇ ਪਾਸੇ ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਪੀੜ੍ਹਤ ਪਰਿਵਾਰ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।