ਪੱਤਰ ਪ੍ਰੇਰਕ
ਮਾਨਸਾ, 31 ਅਕਤੂਬਰ
ਪੰਜਾਬ ਦਿਵਸ ਨੂੰ ਸਮਰਪਿਤ ਅਤੇ ਪੰਜਾਬੀ ਬੋਲੀ ਨੂੰ ਬੋਲਣ ਅਤੇ ਪ੍ਰਫੁਲੱਤ ਕਰਨ ਲਈ ਇਸ ਇਲਾਕੇ ਦੇ ਫ਼ਿਲਮੀ ਕਲਾਕਾਰ ਹਰਪ੍ਰੀਤ ਸਿੰਘ ਬਹਿਣੀਵਾਲ ਦੇ ਲੜਕੇ ਯਾਦਵਿੰਦਰ ਸਿੰਘ ਵੱਲੋਂ ਪਿੰਡ ਧਿੰਗੜ ਵਿਖੇ ਪ੍ਰਾਇਮਰੀ ਅਤੇ ਹਾਈ ਸਕੂਲ, ਪਿੰਡ ਬਣਾਂਵਾਲਾ ਪ੍ਰਾਇਮਰੀ ਸਕੂਲ ਅਤੇ ਤਲਵੰਡੀ ਅਕਲੀਆ ਦੇ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ 210 ਬੱਚਿਆਂ ਨੂੰ ਪੰਜਾਬੀ ਦੇ ਕੈਦੇ ਵੰਡੇ ਗਏ। ਯਾਦਵਿੰਦਰ ਸਿੰਘ ਨੇ ਦੱਸਿਆ ਕਿ ਨਵੰਬਰ ਮਹੀਨਾ ਪੰਜਾਬ ਵਿੱਚ ਪੰਜਾਬ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮਹੀਨੇ ਤੋਂ ਸਕੂਲ ਦੇ 500 ਬੱਚਿਆਂ ਨੂੰ ਪੰਜਾਬੀ ਦੇ ਕੈਦੇ ਵੰਡਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਾਡੇ ਲਈ ਮਾਣ ਮੱਤੀ ਹੈ ਅਤੇ ਇਸ ਤੋਂ ਮੁਖ ਨਹੀਂ ਮੋੜਨਾ ਚਾਹੀਦਾ। ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਕਿਹਾ ਕਿ ਜਿਹੜੇ ਬੱਚੇ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਆ ਕੇ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਪੜ੍ਹਾਈ ਕਰ ਰਹੇ ਹਨ, ਉਨ੍ਹਾਂ ਨੂੰ ਪੰਜਾਬੀ ਦੇ ਕੈਦੇ ਵੰਡਣਾ ਅਤੇ ਪੰਜਾਬੀ ਬੋਲੀ ਬੋਲਣ ਲਈ ਪ੍ਰੇਰਿਤ ਕਰਨਾ ਜ਼ਰੂਰੀ ਹੈ।