ਸ਼ਗਨ ਕਟਾਰੀਆ
ਬਠਿੰਡਾ/ਜੈਤੋ, 27 ਸਤੰਬਰ
‘ਭਾਰਤ ਬੰਦ’ ਦਾ ਮਾਲਵੇ ਖਿੱਤੇ ਵਿੱਚ ਨਿੱਗਰ ਪ੍ਰਭਾਵ ਵੇਖਣ ਨੂੰ ਮਿਲਿਆ। ਜ਼ਰੂਰੀ ਸੇਵਾਵਾਂ ਤੋਂ ਬਿਨਾਂ ਬਾਕੀ ਵਪਾਰਕ ਕੇਂਦਰ ਮੁਕੰਮਲ ਰੂਪ ’ਚ ਬੰਦ ਰਹੇ। ਸਰਕਾਰੀ ਤੇ ਨਿੱਜੀ ਬੱਸਾਂ ਸੜਕਾਂ ਤੋਂ ਲੋਪ ਰਹੀਆਂ। ਰੇਲਾਂ ਦੀ ਆਵਾਜਾਈ ਵਿਭਾਗ ਵੱਲੋਂ ਮੁਲਤਵੀ ਕੀਤੇ ਜਾਣ ਕਾਰਣ ਸਫ਼ਰ ਕਰਨ ਵਾਲੇ ਵੱਡੀ ਗਿਣਤੀ ਵਿੱਚ ਮੁਸਾਫ਼ਿਰ ਬਠਿੰਡਾ ਰੇਲਵੇ ਜੰਕਸ਼ਨ ’ਤੇ ਫਸੇ ਰਹੇ। ਇਲਾਕੇ ਦੇ ਨਿੱਜੀ ਵਿੱਦਿਅਕ ਅਦਾਰੇ ਬੰਦ ਰਹੇ। ਸਰਕਾਰੀ ਸਕੂਲਾਂ/ਕਾਲਜਾਂ ਵਿੱਚ ਵੀ ਵਿਦਿਆਰਥੀਆਂ ਦੀ ਹਾਜ਼ਰੀ ਘੱਟ ਸੀ। ਬਠਿੰਡਾ ਜ਼ਿਲ੍ਹੇ ’ਚ ਕੌਮੀ ਤੇ ਰਾਜ ਮਾਰਗਾਂ ਸਮੇਤ ਮੁੱਖ ਸੜਕਾਂ ਤੇ ਰੇਲਵੇ ਪਟੜੀਆਂ ’ਤੇ ਕਿਸਾਨ ਡਟੇ ਹੋਣ ਕਰਕੇ ਸੁੰਨਸਾਨ ਪਸਰੀ ਸੀ। ਜ਼ਿਲ੍ਹੇ ਅੰਦਰ ਅਜਿਹੇ ਧਰਨਿਆਂ ਦੀ ਗਿਣਤੀ ਚਾਰ ਦਰਜਨ ਤੋਂ ਵੱਧ ਸੀ। ਜੈਤੋ, ਬਾਜਾਖਾਨਾ ਅਤੇ ਬਰਗਾੜੀ ਖੇਤਰਾਂ ’ਚ ਵੀ ਕਰੀਬ ਦਰਜਨ ਥਾਵਾਂ ’ਤੇ ਧਰਨੇ ਲਾਏ ਗਏ।
ਫ਼ਰੀਦਕੋਟ (ਜਸਵੰਤ ਜੱਸ): ਫ਼ਰੀਦਕੋਟ ਦੇ ਬਾਜ਼ਾਰ, ਵਪਾਰਕ ਅਦਾਰੇ, ਮੰਡੀਆਂ ਅਤੇ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਰਹੀ। ਕਿਸਾਨਾਂ ਨੇ ਜ਼ਿਲ੍ਹੇ ਵਿੱਚ 12 ਥਾਵਾਂ ’ਤੇ ਧਰਨੇ ਦਿੱਤੇ। ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਲਾਲ ਸਿੰਘ ਗੋਲੇਵਾਲਾ, ਚਰਨਜੀਤ ਸਿੰਘ ਸੁੱਖਣਵਾਲਾ ਅਤੇ ਗੁਰਮੀਤ ਸਿੰਘ ਗੋਲੇਵਾਲਾ ਨੇ ਕਿਹਾ ਕਿ ਬੰਦ ਦੇ ਸੱਦੇ ਨੂੰ ਸਾਰੇ ਵਰਗਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ। ਬੰਦ ਦੌਰਾਨ ਨੈਸ਼ਨਲ ਹਾਈਵੇਅ-54 ਪੂਰੀ ਤਰ੍ਹਾਂ ਬੰਦ ਰਿਹਾ ਅਤੇ ਕਿਸਾਨਾਂ ਨੇ ਹਾਈਵੇਅ ਉੱਪਰ ਵੀ ਧਰਨਾ ਦਿੱਤਾ। ਆਮ ਲੋਕ ਅੱਜ ਆਪਣੇ ਕੰਮਾਂ ਕਾਰਾਂ ਲਈ ਵੀ ਸਰਕਾਰੀ ਦਫ਼ਤਰ ਨਹੀਂ ਆਏ। ਜਿਲ੍ਹਾ ਪੁਲੀਸ ਮੁਖੀ ਸਵਰਨਦੀਪ ਸਿੰਘ ਨੇ ਕਿਹਾ ਕਿ ਬੰਦ ਦੇ ਸੱਦੇ ਦੌਰਾਨ ਫ਼ਰੀਦਕੋਟ ਜ਼ਿਲ੍ਹੇ ਵਿੱਚ ਕਿਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ‘ਭਾਰਤ ਬੰਦ’ ਦੇ ਸੱਦੇ ਨੂੰ ਗਿੱਦੜਬਾਹਾ ਵਿੱਚ ਭਰਪੂਰ ਸਮਰਥਨ ਮਿਲਿਆ ਜਿਸ ਦੌਰਾਨ ਬਾਜ਼ਾਰ ਬੰਦ ਰਹੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਕੋਟਭਾਈ ਦੀ ਅਗਵਾਈ ਹੇਠ ਮਲੋਟ-ਬਠਿੰਡਾ ਰੋਡ ’ਤੇ ਨਿਹਾਲ ਦੇ ਢਾਬੇ ਨਜ਼ਦੀਕ ਧਰਨਾ ਲਗਾਇਆ ਗਿਆ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਨਿੱਜੀ ਸਕੂਲ ਤੇ ਅਦਾਰੇ ਬੰਦ ਰਹੇ ਤੇ ਸਰਕਾਰੀ ਬੈਂਕਾਂ ਤੇ ਅਦਾਰਿਆਂ ’ਚ ਸੁੰਨ ਪਸਰੀ ਰਹੀ। ਇੱਥੇ ਸਵੇਰੇ ਥਾਣਾ ਸਦਰ ਮੁਖੀ ਕਸ਼ਮੀਰ ਸਿੰਘ ਨੇ ਡਗਰੂ ਫ਼ਾਟਕ ਉੱਤੇ ਕਰੀਬ 6.30 ਵਜੇ ਧਰਨਾ ਦੇਣ ਪੁੱਜੇ ਕਿਸਾਨਾਂ ਉੱਤੇ ਪਰਚਾ ਦਰਜ ਕਰਨ ਦੀ ਚਿਤਾਵਨੀ ਦਿੱਤੀ। ਪੁਲੀਸ ਅਧਿਕਾਰੀ ਦੀ ਇਸ ਬੇਰੁਖੀ ਦਾ ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਕੇ ਜਵਾਬ ਦਿੱਤਾ ਕਿ ਉਹ ਟਕਰਾਅ ਨਹੀਂ ਚਾਹੁੰਦੇ ਉਹ ਆਪਣੇ ਹੱਕਾਂ ਲਈ ਸੜਕਾਂ ’ਤੇ ਆਏ ਹਨ।
ਮੋਗਾ ਮੁੱਖ ਚੌਕ ’ਚ ਕਿਰਤੀ ਕਿਸਾਨ ਯੂਨੀਅਨ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਬੀਕੇਯੂ ਕਾਦੀਆ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ, ਬੀਕੇਯੂ ਖੋਸਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇੱਥੇ ਅਡਾਨੀ ਆਧੁਨਿਕ ਪਲਾਂਟ ਅੱਗੇ ਵੀ ਸੜਕ ’ਤੇ ਧਰਨਾ ਦਿੱਤਾ ਗਿਆ। ਬੀਕੇਯੂ (ਏਕਤਾ) ਉਗਰਾਹਾਂ ਵੱਲੋਂ ਬੁੱਟਰ, ਲੁਹਾਰਾ, ਜਵਾਹਰ ਸਿੰਘ ਵਾਲਾ ਚੌਕ, ਨਿਹਾਲ ਸਿੰਘ ਵਾਲਾ, ਟੌਲ ਪਲਾਜਾ ਚੰਦ ਪੁਰਾਣਾ, ਕੋਟ ਈਸੇ ਖਾਂ, ਧਰਮਕੋਟ ਬਾਬਾ ਗੇਂਦੀ ਰਾਮ ਕੋਲ ਕਿਰਤੀ ਕਿਸਾਨ ਯੂਨੀਆਨ ਆਗੂ ਕੁਲਜੀਤ ਸਿੰਘ ਦੀ ਅਗਵਾਈ ਹੇਠ ਧਰਨੇ ਦਿੱਤੇ ਗਏ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਇੱਥੇ ਸ਼ਹੀਦ ਊਧਮ ਸਿੰਘ ਚੌਕ ’ਤੇ ਭਾਰਤੀ ਕਿਸਾਨ ਏਕਤਾ ਉਗਰਾਹਾਂ ਤੇ ਅਨਾਜ ਮੰਡੀ ਦੇ ਗੇਟ ਅੱਗੇ ਕਿਸਾਨ ਯੂਨੀਅਨ ਕਾਦੀਆ ਵੱਲੋੋਂ ਰੋਸ ਧਰਨਾ ਦਿੱਤਾ ਗਿਆ। ਬੀਐਸਐਫ ਸੈਕਟਰ ਦੇ ਬਾਹਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨਾ ਦਿੱਤਾ ਗਿਆ ਜਦਕਿ ਸੈਦੋਕਾ ਨਜ਼ਦੀਕ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਘਾਂਗਾ ਕਲਾ ਨੇੜੇ ਕਿਸਾਨ ਯੂਨੀਅਨ ਕਾਦੀਆ, ਮਾਹਮੂਜੋਈਆ ਟੌਲ ਪਲਾਜ਼ਾ ਏਕਤਾ ਉਗਰਾਹਾਂ ’ਤੇ ਮੌਜੇ ਵਾਲਾ ਪੁਲ ਨੇੜੇ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਧਰਨਾ ਲਗਾਇਆ ਗਿਆ।
ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਕੋਟਕਪੂਰਾ ਵੱਲੋਂ ਤਿੰਨ ਕੋਣੀ ਤੇ ਬਲਾਕ ਕੋਟਕਪੂਰਾ ਆਗੂ ਜਸਪ੍ਰੀਤ ਸਿੰਘ ਜੱਸਾ ਕੁਹਾਰਵਾਲਾ, ਹਰਦੇਵ ਸਿੰਘ ਘਣੀਏ ਵਾਲਾਂ ਅਤੇ ਇਸਤਰੀ ਵਿੰਗ ਆਗੂ ਅੰਮ੍ਰਿਤਪਾਲ ਕੌਰ ਹਰੀਨੌਂ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ।
ਫਾਜ਼ਿਲਕਾ (ਪਰਮਜੀਤ ਸਿੰਘ): ਕਿਸਾਨ ਜਥੇਬੰਦੀਆਂ ਵੱਲੋਂ ਫਾਜ਼ਿਲਕਾ ਜ਼ਿਲ੍ਹੇ ’ਚ ਵੱਖ-ਵੱਖ ਥਾਵਾਂ ’ਤੇ ਧਰਨੇ ਦਿੱਤੇ ਗਏ, ਉੱਥੇ ਫਾਜ਼ਿਲਕਾ ’ਚ ਮਲੋਟ ਚੌਕ ਅਤੇ ਆਤਮ ਵੱਲਭ ਸਕੂਲ ਦੇ ਨੇੜੇ ਕਿਸਾਨਾਂ ਵੱਲੋਂ ਧਰਨਾ ਲਾ ਕੇ ਜਿੱਥੇ ਆਵਾਜਾਈ ਠੱਪ ਕੀਤੀ ਗਈ। ਸਵੇਰ ਤੋਂ ਹੀ ਦੁਕਾਨਾਂ ਅਤੇ ਹੋਰ ਵਪਾਰਕ ਅਦਾਰੇ ਬੰਦ ਰਹੇ। ਪੰਜਾਬ ਸਟੂਡੈਂਟਸ ਯੂਨੀਅਨ ਤੋਂ ਧੀਰਜ ਕੁਮਾਰ, ਜਸਪ੍ਰੀਤ ਸਿੰਘ, ਪਰਵਿੰਦਰ ਕੌਰ, ਡੈਮੋਕ੍ਰੇਟਿਕ ਟੀਚਰਜ਼ ਯੂਨੀਅਨ ਪੰਜਾਬ ਤੋਂ ਮਹਿੰਦਰ ਕੌੜਿਆਂਵਾਲੀ, ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਯੂਨੀਅਨ ਵੱਲੋਂ ਵੀ ਮਲੋਟ ਚੌਕ ਵਿੱਚ ਦਿੱਤੇ ਧਰਨੇ ਵਿੱਚ ਸ਼ਮੂਲੀਅਤ ਕੀਤੀ।
35 ਪਿੰਡਾਂ ਨੇ ਤਿੰਨ ਥਾਵਾਂ ’ਤੇ ਧਰਨੇ ਲਾ ਕੇ ਹਾਈਵੇਅ ਜਾਮ ਕੀਤੇ
ਅਜੀਤਵਾਲ (ਗੁਰਪ੍ਰੀਤ ਦੌਧਰ): ਪਿੰਡ ਕਿਲੀ ਚਾਹਲਾਂ ਵਿੱਚ ‘ਭਾਰਤ ਬੰਦ’ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਭਿੰਦਰ ਸਿੰਘ ਕੋਕਰੀ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਮੋਗਾ-ਲੁਧਿਆਣਾ ਅਤੇ ਮੋਗਾ-ਬਰਨਾਲਾ ਰੋਡ ’ਤੇ ਧਰਨਾ ਲਗਾ ਕੇ ਆਵਾਜਾਈ ਰੋਕੀ ਗਈ। ਕਿਸਾਨ ਆਗੂ ਗੁਰਭਿੰਦਰ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ 35 ਪਿੰਡਾਂ ਨੇ ਤਿੰਨ ਥਾਵਾਂ ’ਤੇ ਧਰਨੇ ਲਗਾ ਕੇ ਹਾਈਵੇਅ ਜਾਮ ਕੀਤੇ। ਬੁੱਟਰ ਕਲਾਂ ਵਿੱਚ ਮੋਗਾ ਬਰਨਾਲਾ ਹਾਈਵੇਅ 11 ਕਿਸਾਨਾਂ ਨੇ ਜਗਦੀਪ ਸਿੰਘ ਦੌਧਰ ਗਰਬੀ, ਜਗਸੀਰ ਸਿੰਘ ਪੱਪੂ ਦੌਧਰ ਸਰਕੀ, ਜਸਵੀਰ ਸਿੰਘ ਬੁੱਟਰ ਦੀ ਅਗਵਾਈ ਵਿੱਚ ਜਾਮ ਕੀਤਾ। ਕਿਲੀ ਚਾਹਲ ਵਿੱਚ ਮੋਗਾ ਲੁਧਿਆਣਾ ਹਾਈਵੇਅ ’ਚ 13 ਪਿੰਡਾਂ ਦੇ ਕਿਸਾਨਾਂ ਨੇ ਨਛੱਤਰ ਸਿੰਘ ਹੇਰਾਂ ਅਤੇ ਜਗਜੀਤ ਸਿੰਘ ਕੋਕਰੀ ਕਲਾਂ ਦੀ ਅਗਵਾਈ ਹੇਠ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ।
ਮਹਿਕਮੇ ਨੇ ਰੇਲਗੱਡੀ ਚਲਵਾਈ, ਕਿਸਾਨਾਂ ਨੇ ਸਟੇਸ਼ਨ ’ਤੇ ਰੁਕਵਾਈ
ਤਪਾ ਮੰਡੀ (ਸੀ. ਮਾਰਕੰਡਾ): ‘ਭਾਰਤ ਬੰਦ’ ਦੇ ਬਾਵਜੂਦ ਰੇਲਵੇ ਵਿਭਾਗ ਨੇ ਫ਼ਾਜ਼ਿਲਕਾ ਤੋਂ ਦਿੱਲੀ ਜਾਣ ਵਾਲੀ ਇੰਟਰਸਿਟੀ ਮੁਸਾਫ਼ਰ ਗੱਡੀ ਚਲਾ ਦਿੱਤੀ। ਜਦੋਂ ਇਹ ਤਪਾ ਰਲਵੇ ਸਟੇਸ਼ਨ ’ਤੇ ਪੁੱਜੀ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਮੋਰਚਾ ਲਾਈ ਬੈਠੇ ਕਿਸਾਨਾਂ ਨੇ ਇਹ ਰੇਲਗੱਡੀ ਅੱਗੇ ਨਾ ਲੰਘਣ ਦਿੱਤੀ। ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਭਰ ਵਿੱਚ ਰੇਲਵੇ ਅਤੇ ਸੜਕੀ ਆਵਾਜਾਈ ਬੰਦ ਹੈ ਤਾਂ ਫਿਰ ਰੇਲਾਂ ਚਲਾਉਣ ਦੀ ਕੋਈ ਤੁਕ ਨਹੀਂ ਬਣਦੀ।
ਫ਼ਿਰੋਜ਼ਪੁਰ: ਕਿਸਾਨਾਂ ਨੇ ਸਰਕਾਰੀ ਦਫ਼ਤਰ ਤੇ ਬੈਂਕ ਬੰਦ ਕਰਵਾਏ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਅੱਜ ‘ਭਾਰਤ ਬੰਦ’ ਦੌਰਾਨ ਸਥਾਨਕ ਜ਼ਿਲ੍ਹਾ ਮੁਕੰਮਲ ਤੌਰ ਤੇ ਬੰਦ ਰਿਹਾ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਕਈ ਥਾਈਂ ਸੜਕਾਂ ਜਾਮ ਕਰ ਕੇ ਆਵਾਜਾਈ ਬੰਦ ਰੱਖੀ ਗਈ। ਸਾਰੇ ਬਾਜ਼ਾਰ ਮੁਕੰਮਲ ਬੰਦ ਰਹੇ। ਦੁਪਹਿਰ ਵੇਲੇ ਕਿਸਾਨਾਂ ਨੇ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਦਫ਼ਤਰ ਵੀ ਬੰਦ ਕਰਵਾ ਦਿੱਤੇ। ਇੱਥੋਂ ਤੱਕ ਕਿ ਬੈਂਕਾਂ ਨੂੰ ਵੀ ਬੰਦ ਕਰਵਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਦੇਸ਼ ਭਰ ਵਿੱਚ ਜਾਰੀ ਰਹੇਗਾ।
ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ
ਅਬੋਹਰ (ਸੁੰਦਰ ਨਾਥ ਆਰੀਆ): ਅੱਜ ਕਿਸਾਨਾਂ ਵੱਲੋਂ ਥਾਂ-ਥਾਂ ’ਤੇ ਰਸਤੇ ਬੰਦ ਕਰ ਦਿੱਤੇ ਗਏ। ਬੱਸ ਸਟੈਂਡ ’ਤੇ ਕਿਸਾਨ ਮਜਦੂਰ ਤਾਲਮੇਲ ਕਮੇਟੀ ਨੇ ਧਰਨਾ ਲਾ ਕੇ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ’ਤੇ ਲਿਆਂਦੇ ਗਏ ਤਿੰਨ ਕਾਨੂੰਨਾਂ ਖਿਲਾਫ਼ ਜਬਰਦਸਤ ਪ੍ਰਦਰਸ਼ਨ ਕੀਤਾ। ਇਸ ਦੌਰਾਨ ਬੱਸ ਅਤੇ ਰੇਲ ਆਵਾਜਾਈ ਪੂਰਨ ਤੌਰ ’ਤੇ ਠੱਪ ਰਹੀ ਪਰ ਮੈਡੀਕਲ ਅਤੇ ਐਮਰਜੈਂਸੀ ਸੁਵਿਧਾਵਾਂ ਜਾਰੀ ਰਹੀਆਂ।
ਸਰਦੂਲਗੜ੍ਹ (ਬਲਜੀਤ ਸਿੰਘ): ਹਲਕੇ ਵਿੱਚ ਸਰਦੂਲੇਵਾਲਾ, ਝੁਨੀਰ, ਭੰਮੇ ਕਲਾਂ ਅਤੇ ਹਲਕੇ ਦੇ ਪਿੰਡ ਬਹਿਣੀਵਾਲ ਵਿੱਚ ਕਿਸਾਨਾਂ ਅਤੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਧਰਨੇ ਲਾ ਕੇ ਸੜਕੀ ਆਵਾਜਾਈ ਬਿਲਕੁਲ ਬੰਦ ਕਰ ਦਿੱਤੀ ਗਈ। ਧਰਨਿਆਂ ਵਿੱਚ ਕਿਸਾਨਾਂ, ਦੁਕਾਨਦਾਰਾਂ ਅਤੇ ਵੱਖ-ਵੱਖ ਵਰਗਾਂ ਨਾਲ ਸਬੰਧਤ ਸੈਂਕੜੇ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ।
ਨਥਾਣਾ (ਭਗਵਾਨ ਦਾਸ ਗਰਗ): ‘ਭਾਰਤ ਬੰਦ’ ਨੂੰ ਸਫ਼ਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕਿਰਤੀ ਕਿਸਾਨ ਯੂਨੀਅਨ ਵੱਲੋ ਸਮੂਹ ਇਲਾਕਾ ਵਾਸੀਆਂ ਅਤੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਸਥਾਨਕ ਬੱਸ ਅੱਡੇ ਅੱਗੇ ਧਰਨਾ ਲਾਇਆ ਗਿਆ। ਆਗੂਆਂ ਲਖਵੀਰ ਸਿੰਘ, ਅਵਤਾਰ ਸਿੰਘ, ਬੂਟਾ ਸਿੰਘ, ਗੁਰਦੀਪ ਕੌਰ, ਪ੍ਰਵੀਨ ਕੌਰ ਅਤੇ ਗੁਰਮੁੱਖ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ।