ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 26 ਅਪਰੈਲ
ਜ਼ਿਲ੍ਹਾ ਫ਼ਰੀਦਕੋਟ ਦੇ ਵਸਨੀਕ ਦਸਵੀਂ ਜਮਾਤ ਦੇ ਇੱਕ ਵਿਦਿਆਰਥੀ ਵੱਲੋਂ ਸ਼ਰਾਰਤੀ ਅਨਸਰਾਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਜਾਣਕਾਰੀ ਅਨੁਸਾਰ ਰਾਹੁਲ ਸ਼ਰਮਾ ਪਹਿਲਾਂ ਸ਼ਹਿਰ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਦਾ ਸੀ ਜਿੱਥੇ ਇਸ ਨੂੰ ਸ਼ਹਿਰ ਦੇ ਕੁਝ ਸ਼ਰਾਰਤੀ ਅਨਸਰ ਤੰਗ ਪ੍ਰੇਸ਼ਾਨ ਕਰਦੇ ਸਨ ਜਿਸ ਤੋਂ ਤੰਗ ਆ ਕੇ ਉਸ ਦੇ ਮਾਪਿਆਂ ਨੇ ਉਸ ਨੂੰ ਪਿੰਡ ਭਾਣਾ ਦੇ ਨਿੱਜੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਸੀ। ਜਾਣਕਾਰੀ ਅਨੁਸਾਰ ਕਰਨ ਸ਼ਰਮਾ ਅਤੇ ਉਸ ਦੇ ਕੁਝ ਸਾਥੀ ਕਥਿਤ ਤੌਰ ’ਤੇ ਰਾਹੁਲ ਸ਼ਰਮਾ ਨੂੰ ਕਾਫ਼ੀ ਸਮੇਂ ਤੋਂ ਤੰਗ ਕਰ ਰਹੇ ਸਨ ਜਿਸ ਤੋਂ ਤੰਗ ਆ ਕੇ ਰਾਹੁਲ ਸ਼ਰਮਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਮਾਂ ਰਾਜ ਰਾਣੀ ਨੇ ਦੋਸ਼ ਲਾਇਆ ਕਿ ਉਸ ਦੇ ਲੜਕੇ ਨੇ ਸ਼ਹਿਰ ਦੇ ਕੁਝ ਸ਼ਰਾਰਤੀ ਅਨਸਰ ਤੰਗ ਕਰ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਵਿੱਚ ਕੁਝ ਨੌਜਵਾਨਾਂ ਦਾ ਨਸ਼ਾ ਤਸਕਰੀ ਅਤੇ ਅਪਰਾਧਿਕ ਘਟਨਾਵਾਂ ਨਾਲ ਵੀ ਸਬੰਧ ਹੈ। ਸਿਟੀ ਪੁਲੀਸ ਫ਼ਰੀਦਕੋਟ ਨੇ ਸ਼ਿਕਾਇਤ ’ਤੇ ਕਰਨ ਸ਼ਰਮਾ ਖਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਹਾਲ ਦੀ ਘੜੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।