ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਅਕਤੂਬਰ
ਥਾਣਾ ਬੱਧਨੀ ਕਲਾਂ ਅਧੀਨ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਵਿਦਿਆਰਥੀ ਨੇ ਸ਼ਰਾਬ ਪੀ ਕੇ ਖੌਰੂ ਪਾਉਂਦਾ ਰਿਹਾ ਤੇ ਦੋਸਤੀ ਤੋਂ ਇਨਕਾਰ ਕਰਨ ਉੱਤੇ ਵਿਦਿਆਰਥਣ ਦੀ ਸਕੂਲ ’ਚ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਸਕੂਲ ਸਟਾਫ਼ ਮੂਕ ਦਰਸ਼ਕ ਬਣਿਆ ਸਭ ਕੁਝ ਦੇਖਦਾ ਰਿਹਾ। ਥਾਣਾ ਮੁਖੀ ਸੰਦੀਪ ਸਿੰਘ ਸਿੱਧੂ ਨੇ ਕਿਹਾ ਵਿਦਿਆਰਥੀ ਦੀ ਉਮਰ ਕਰੀਬ 22 ਸਾਲ ਹੈ ਅਤੇ ਉਹ ਕਈ ਵਾਰ ਫੇਲ੍ਹ ਹੋਇਆ ਅਤੇ ਹੁਣ ਵੀ 11ਵੀਂ ਜਮਾਤ ’ਚ ਹਮਜਮਾਤਣ ਵਿਦਿਆਰਥਣ ਉੱਤੇ ਦੋਸਤੀ ਕਰਨ ਲਈ ਜਬਰੀ ਦਬਾਅ ਪਾ ਰਿਹਾ ਸੀ। ਥਾਣਾ ਮੁਖੀ ਨੇ ਕਿਹਾ ਕਿ ਸਕੂਲ ਸਟਾਫ਼ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ। ਉਨ੍ਹਾਂ ਨੂੰ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਉਕਤ ਵਿਦਿਆਰਥੀ ਖ਼ਿਲਾਫ਼ ਤੁਰੰਤ ਛੇੜਛਾੜ ਤੇ ਕੁੱਟਮਾਰ ਆਦਿ ਧਰਾਵਾਂ ਤਹਿਤ ਐੱਫ਼ਆਈਆਰ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ ਅਤੇ ਮੁਲਜ਼ਮ ਪਰਿਵਾਰ ਸਮੇਤ ਫ਼ਰਾਰ ਹੈ। ਪੁਲੀਸ ਮੁਤਾਬਕ ਮੁਲਜ਼ਮ ਪਹਿਲਾਂ 29 ਸਤੰਬਰ ਨੂੰ ਲੰਚ ਟਾਈਮ ’ਚ ਸਕੂਲ ਪਹੁੰਚ ਗਿਆ ਤੇ ਵਿਦਿਆਰਥਣ ਦੀ ਕਾਫੀ ਕੁੱਟਮਾਰ ਕੀਤੀ। ਪੀੜਤ ਵਿਦਿਆਰਥਣ ਨੇ ਅਧਿਆਪਕਾਂ ਤੇ ਪ੍ਰਿਸੀਪਲ ਨੂੰ ਸ਼ਿਕਾਇਤ ਕੀਤੀ। ਪ੍ਰਿੰਸੀਪਲ ਨੇ ਵਿਦਿਆਰਥਣ ਦੇ ਪਿਤਾ ਨੂੰ ਬੁਲਾਇਆ ਤੇ ਉਨ੍ਹਾਂ ਦੇ ਸਾਹਮਣੇ ਵਿਦਿਆਰਥੀ ਦੇ 2 ਧੱਪੜ ਮਾਰੇ ਤੇ ਜਮਾਤ ਵਿਚ ਭੇਜ ਕੇ ਮਾਮਲਾ ਰਫ਼ਾ ਕਰ ਦਿੱਤਾ। ਦਿਦਿਆਰਥਣ ਦੇ ਪਿਤਾ ਦਾ ਦੋਸ਼ ਹੈ ਕਿ ਉਸ ਦਿਨ ਵਿਦਿਆਰਥੀ ਸ਼ਰਾਬ ਪੀ ਕੇ ਸਕੂਲ ਆਇਆ ਸੀ। ਸਕੂਲ ਵੱਲੋਂ ਇਹ ਮਾਮਲਾ ਦਬਾਅ ਦਿੱਤੇ ਜਾਣ ਤੋਂ ਮੁਲਜ਼ਮ ਵਿਦਿਆਰਥੀ ਦਾ ਹੌਂਸਲਾ ਇੰਨਾ ਵੱਧ ਗਿਆ ਕਿ ਉਹ 30 ਸਤੰਬਰ ਨੂੰ ਸਕੂਲ ’ਚ ਖੌਰੂ ਪਾਉਂਦਾ ਰਿਹਾ ਅਤੇ ਸਕੂਲ ’ਚ ਛੁੱਟੀ ਤੋਂ ਬਾਅਦ ਘਰ ਪਰਤ ਰਹੀ ਵਿਦਿਆਰਥਣ ਨੂੰ ਰਸਤੇ ’ਚ ਫੜ ਲਿਆ ਤੇ ਕੁੱਟਮਾਰ ਕੀਤੀ। ਸ਼ੋਰ ਸ਼ਰਾਬਾ ਹੋਣ ’ਤੇ ਆਲੇ-ਦੁਆਲੇ ਦੇ ਲੋਕ ਮੌਕੇ ’ਤੇ ਪਹੁੰਚ ਗਏ। ਕੁੱਟਮਾਰ ਕਾਰਨ ਵਿਦਿਆਰਥਣ ਦੀ ਇਕ ਅੱਖ ’ਤੇ ਸੱਟ ਲੱਗੀ ਹੈ। ਪੀੜਤ ਪਰਿਵਾਰ ਨੇ ਬਦਨਾਮੀ ਕਾਰਨ ਕੁੜੀ ਨੂੰ ਕਿਸੇ ਵੀ ਹਸਪਤਾਲ ’ਚ ਭਰਤੀ ਨਹੀਂ ਕਰਵਾਇਆ। ਥਾਣਾ ਮੁਖੀ ਨੇ ਕਿਹਾ ਕਿ ਪੀੜਤ ਪਰਿਵਾਰ ਡਰਿਆ ਹੋਇਆ ਸੀ ਅਤੇ ਉਹ ਡਰ ਕਾਰਨ ਐਫ਼ਆਈਆਰ ਤੋਂ ਵੀ ਝਿਜਕਦਾ ਸੀ ਪਰ ਗੰਭੀਰ ਅਪਰਾਧ ਹੋਣ ਕਰਕੇ ਉਨ੍ਹਾਂ ਐਫ਼ਆਈਆਰ ਦਰਜ਼ ਕਰਕੇ ਜਾਂਚ ਸ਼ੁਰੂ ਕੀਤੀ ਹੈ।