ਪੱਤਰ ਪ੍ਰੇਰਕ
ਚਾਉਕੇ, 18 ਨਵੰਬਰ
ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਵੱਲੋਂ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ ਅਤੇ ਬ੍ਰਿਗੇਡੀਅਰ ਬੰਤ ਸਿੰਘ ਮੈਮੋਰੀਅਲ ਸੁਵਿਧਾ ਕੇਂਦਰ ਅਤੇ ਕੰਪਿਊਟਰ ਸੈਂਟਰ ਬਾਲਿਆਂਵਾਲੀ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ 16 ਪਿੰਡਾਂ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਦੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੇ 93 ਵਿਦਿਆਰਥੀਆਂ (ਜਿਨ੍ਹਾਂ ਨੇ ਪੰਜਾਬੀ ਵਿਸ਼ੇ ਵਿੱਚੋਂ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ) ਨੂੰ ਨਕਦ ਇਨਾਮ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਵਿਸ਼ੇ ਦੇ 27 ਅਧਿਆਪਕਾਂ ਦਾ ਵੀ ਸਨਮਾਨ ਕੀਤਾ ਗਿਆ। ਇਹ ਸਮਾਗਮ ਕੈਨੇਡਾ ਸਰਕਾਰ ਪਾਸੋਂ ਸਰਵ-ਸ੍ਰੇਸ਼ਟ ਪੁਰਸਕਾਰ ਜੇਤੂ ਸੁਰਜੀਤ ਸਿੰਘ ਮਾਧੋਪੁਰੀ ਅਤੇ ਗੁਰਚਰਨ ਸਿੰਘ ਟੱਲੇਵਾਲੀਆ ਦੇ ਸਹਿਯੋਗ ਨਾਲ ਕਰਵਾਇਆ ਗਿਆ ਪ੍ਰੋਗਰਾਮ ਦੀ ਪ੍ਰਧਾਨਗੀ ਸੁਖਮੰਦਰ ਸਿੰਘ ਚੱਠਾ, ਸਟੇਟ ਐਵਾਰਡੀ ਅਮਰਜੀਤ ਸਿੰਘ ਪੇਂਟਰ, ਪ੍ਰੋ. ਜਸਵਿੰਦਰ ਸ਼ਰਮਾ, ਅਮਰਜੀਤ ਸਿੰਘ, ਸਭਾ ਦੇ ਪ੍ਰਧਾਨ ਸੁਖਦਰਸ਼ਨ ਗਰਗ ਅਤੇ ਮੁੱਖ ਸਲਾਹਕਾਰ ਜੀਤ ਸਿੰਘ ਚਹਿਲ ਵੱਲੋਂ ਕੀਤੀ ਗਈ। ਸਟੇਜ ਸੰਚਾਲਨ ਮਾਸਟਰ ਜਗਨ ਨਾਥ ਨੇ ਕੀਤਾ।