ਇਕਬਾਲ ਸਿੰੰਘ ਸ਼ਾਂਤ
ਲੰਬੀ, 1 ਸਤੰਬਰ
ਸਟੇਟ ਨਰਸਿੰਗ ਅਤੇ ਪੈਰਾ ਮੈਡੀਕਲ ਸਾਇੰਸਿਜ਼ ਇੰਸਟੀਚਿਊਟ ਬਾਦਲ ’ਚ ਹੋਸਟਲ ਮੈੱਸ ਵਿਚਲੇ ਕਥਿਤ ਗੈਰਮਿਆਰੀ ਖਾਣੇ ਖ਼ਿਲਾਫ਼ ਅੱਜ ਭੁੱਖਣ-ਭਾਣੇ ਵਿਦਿਆਰਥਣਾਂ ਦਾ ਗੁੱਸਾ ਫੁੱਟ ਪਿਆ। ਟੈਂਡਰ ਖ਼ਤਮ ਹੋਣ ਦੇ ਬਾਵਜੂਦ ਠੇਕੇਦਾਰ ਉਥੋਂ ਨਹੀਂ ਜਾ ਰਿਹਾ। ਅੱਜ ਵੱਡੀ ਗਿਣਤੀ ਵਿਦਿਆਰਥਣਾਂ ਧਰਨੇ ’ਤੇ ਬੈਠ ਗਈਆਂ। ਹੋਸਟਲ ’ਚ ਕਰੀਬ ਢਾਈ ਸੌ ਵਿਦਿਆਰਥਣਾਂ ਹਨ। ਹੋਸਟਲ ਖਾਣੇ ਦੇ ਪੱਧਰ ਬਾਰੇ ਵਿਦਿਆਰਥਣਾਂ ਸੰਤੁਸ਼ਟ ਨਾ ਹੋਣ ’ਤੇ ਯੂਨੀਵਰਸਿਟੀ ਨੇ ਦੋ ਕੁ ਮਹੀਨੇ ਪਹਿਲਾਂ ਟੈਂਡਰ ਮੁਕਾਅ ਕੇ ਵਿਦਿਆਰਥਣਾਂ ਵੱਲੋਂ ਕੋ-ਆਪਰੇਟਿਵ ਮੈੱਸ ਦੇ ਸੰਚਾਲਨ ਦਾ ਐਲਾਨ ਕਰ ਦਿੱਤਾ ਸੀ। ਠੇਕੇਦਾਰ ਦੀ ਅਪੀਲ ’ਤੇ ਮੁੜ ਉਸ ਨੂੰ ਹੀ ਕੁਝ ਆਰਜ਼ੀ ਤੌਰ ’ਤੇ ਕੋ-ਆਪਰੇਟਿਵ ਮੈੱਸ ਚਲਾਉਣ ਦਾ ਮੌਕਾ ਦੇ ਦਿੱਤਾ ਗਿਆ। ਖਾਣੇ ਦੇ ਮਿਆਰ ’ਚ ਵਿਦਿਆਰਥਣਾਂ ਮੁਤਾਬਕ ਸੁਧਾਰ ਨਾ ਹੋਣ ’ਤੇ ਮੈਸ ਕਮੇਟੀ ਨੇ ਉਸ ਨੂੰ ਰਵਾਨਗੀ ਪਾਉਣ ਲਈ ਆਖ ਦਿੱਤਾ। ਤਿੰਨ-ਚਾਰ ਦਿਨ ਪਹਿਲਾਂ ਮਾਹੌਲ ਨੂੰ ਸ਼ਾਂਤ ਕਰਨ ਲਈ ਪ੍ਰਿੰਸੀਪਲ ਨੇ ਹੋਸਟਲ ਵਿਦਿਆਰਥਣਾਂ ਨੂੰ ਘਰ ਭੇਜ ਦਿੱਤਾ ਸੀ। ਕੱਲਹ ਵਿਦਿਆਰਥਣਾਂ ਦੇ ਅਦਾਰੇ ’ਚ ਪਰਤਣ ’ਤੇ ਠੇਕੇਦਾਰ ਮੌਜੂਦ ਹੋਣ ’ਤੇ ਮੁੱਦਾ ਭਖ ਗਿਆ। ਧਰਨਾਕਾਰੀ ਵਿਦਿਆਰਥਣਾਂ ਨੇ ਕਿਹਾ ਕਿ ਮੈੱਸ ਠੇਕੇਦਾਰ ਵੱਲੋਂ ਕਥਿਤ ਗੈਰਮਿਆਰੀ ਖਾਣਾ ਦਿੱਤਾ ਜਾਂਦਾ ਹੈ। ਹੁਣ ਉਹ ਖੁਦ ਆਪਣੇ ਪੱਧਰ ’ਤੇ ਮੈੱਸ ਚਲਾਉਂਦੀਆਂ ਹਨ, ਪਰ ਠੇਕੇਦਾਰ ਇੱਥੋਂ ਸਮਾਨ ਚੁੱਕਣ ਲਈ ਤਿਆਰ ਨਹੀਂ। ਵਿਦਿਆਰਥਣਾਂ ਦਾ ਦੋਸ਼ ਸੀ ਕਿ ਲੰਘੀ ਰਾਤ ਠੇਕੇਦਾਰ ਦੇ ਧਮਕੀ ਭਰੇ ਰਵੱਈਏ ਕਾਰਨ ਉਨ੍ਹਾਂ ਨੂੰ ਦੇਰ ਰਾਤ ਤੱਕ ਭੁੱਖਾ ਰਹਿਣਾ ਪਿਆ। ਪ੍ਰਿੰਸੀਪਲ ਡਾ. ਸੁਮਨ ਬਾਲਾ ਸ਼ਰਮਾ ਨੇ ਧਰਨਾਕਾਰੀ ਨੂੰ ਕਿਹਾ ਕਿ ਯੂਨੀਵਰਸਿਟੀ ਨੇ ਮੈੱਸ ਦਾ ਠੇਕਾ ਰੱਦ ਕੀਤਾ ਹੋਇਆ ਹੈ, ਉਸ ਨੂੰ ਦੋ-ਤਿੰਨ ਵਾਰ ਬੁਲਾ ਕੇ ਆਖ ਦਿੱਤਾ ਗਿਆ ਹੈ। ਸਮੁੱਚਾ ਮਾਮਲਾ ਯੂਨੀਵਰਸਿਟੀ ਪੱੱਧਰ ’ਤੇ ਵੇਖਿਆ ਜਾ ਰਿਹਾ ਹੈ।
ਮਿਆਰੀ ਖਾਣਾ ਦਿੱਤਾ ਜਾ ਰਿਹੈ: ਠੇਕੇਦਾਰ
ਠੇਕੇਦਾਰ ਹਰਮੀਤ ਸਿੰਘ ਨੇ ਕਿਹਾ ਕਿ ਉਹ ਚੰਗਾ ਖਾਣਾ ਦਿੰਦਾ ਹੈ। ਕੁਝ ਵਿਦਿਆਰਣਾਂ ਨੇ ਬਾਦਲ ਪਿੰਡ ਦਾ ਨਵਾਂ ਮੈੱਸ ਠੇਕੇਦਾਰ ਲਿਆਉਣ ਸਾਰੀ ਝੂਠੀ ਖੇਡ ਖੇਡੀ ਹੈ। ਬਾਅਦ ’ਚ ਪੁਲੀਸ ਨੇ ਠੇਕੇਦਾਰ ਦਾ ਸਮਾਨ ਚੁੱਕਵਾ ਦਿੱਤਾ ਤੇ ਉਸ ਨੂੰ ਕਰੀਬ ਸਵਾ ਦਰਜਨ ਵਿਦਿਆਰਥਣਾਂ ਦੇ ਬਕਾਏ ਵੀ ਦਿਵਾ ਦਿੱਤੇ। ਪਤਾ ਲੱਗਿਆ ਹੈ ਕਿ ਅਦਾਰੇ ’ਚ ਹਾਲ ਦੀ ਘੜੀ ਕੋ-ਆਪਰੇਟਿਵ ਮੈੱਸ ਨਾ ਲਾਗੂ ਹੋ ਸਕਣ ਕਰਕੇ ਅਗਲੇ ਕਦਮਾਂ ਤੱਕ ਵਿਦਿਆਰਥਣਾਂ ਨੂੰ ਘਰ ਭੇਜਣ ’ਤੇ ਵਿਚਾਰ ਹੋ ਰਿਹਾ ਹੈ।