ਪੱਤਰ ਪ੍ਰੇਰਕ
ਮਾਨਸਾ, 12 ਜੁਲਾਈ
ਡੀਏਵੀ ਸਕੂਲ ਮਾਨਸਾ ਨੇ ‘ਮੇਰਾ ਵਾਤਾਵਰਨ-ਮੇਰੀ ਜ਼ਿੰਮੇਵਾਰੀ’ ਮੁਹਿੰਮ ਤਹਿਤ ਭੈਣੀਬਾਘਾ ਦੇ ਸਟੇਡੀਅਮ ਤੋਂ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ। ਸਕੂਲ ਦੇ ਈਕੋ ਕਲੱਬ ਦੇ ਵਿਦਿਆਰਥੀਆਂ ਨੇ ਵੱਖ-ਵੱਖ ਕਿਸਮਾਂ ਦੇ 500 ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਹੈ। ਪ੍ਰਿੰਸੀਪਲ ਵਿਨੋਦ ਰਾਣਾ ਨੇ ਕਿਹਾ ਕਿ ਕੇਵਲ ਸਿੱਖਿਆ ਉਹੀ ਸਹੀ ਹੈ, ਜੋ ਬੱਚਿਆਂ ਨੂੰ ਆਪਣਾ ਸਫਲ ਜੀਵਨ ਜਿਊਣ ਦੇ ਨਾਲ-ਨਾਲ ਸਮਾਜਿਕ ਵਿਕਾਸ ਅਤੇ ਉੱਨਤੀ ਲਈ ਸਮਰੱਥ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਸਿੱਖਿਆ ਅਤੇ ਭਾਰਤੀ ਕਦਰਾਂ-ਕੀਮਤਾਂ ਨਾਲ ਲੈਸ ਡੀ.ਏ.ਵੀ ਦੇ ਬੱਚੇ ਆਪਣੀਆਂ ਨਿੱਜੀ, ਪਰਿਵਾਰਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਫਲਤਾਪੂਰਵਕ ਨਿਭਾਉਂਦੇ ਹਨ। ਇਸੇ ਮੌਕੇ ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ, ਗੋਰਾ ਸਿੰਘ, ਸਤਨਾਮ ਸਿੰਘ, ਜਗਦੇਵ ਸਿੰਘ, ਰਾਜ ਸਿੰਘ ਅਤੇ ਬੱਬੀ ਸਿੰਘ ਨੇ ਇਸ ਮੁਹਿੰਮ ਦਾ ਹਿੱਸਾ ਬਣ ਕੇ ਬੱਚਿਆਂ ਦੀ ਹਿੰਮਤ ਦੀ ਸ਼ਲਾਘਾ ਕੀਤੀ। ਉਨ੍ਹਾਂ ਦੇ ਸਹਿਯੋਗ ਨਾਲ ਸਟੇਡੀਅਮ ਦੇ ਆਲੇ-ਦੁਆਲੇ ਭਾਰਤੀ ਅਤੇ ਲੰਬੇ ਸਮੇਂ ਤੋਂ ਛਾਂਦਾਰ ਰਹਿਣ ਵਾਲੇ ਨਿੰਮ, ਪਿੱਪਲ, ਬੋਹੜ ਅਤੇ ਜਾਮਣ ਵਰਗੇ ਪੌਦੇ ਲਗਾਏ ਗਏ।