ਮੋਗਾ (ਨਿੱਜੀ ਪੱਤਰ ਪ੍ਰੇਰਕ) ਇਥੇ ਬਾਜ਼ਾਰ ਵਿੱਚ ਇੰਟਰਨੈੱਟ ਸੇਵਾਵਾਂ ਦਾ ਕੰਮ ਕਰਦੇ ਨੌਜਵਾਨ ਨੇ ਇਮੀਗਰੇਸ਼ਨ ਸੰਚਾਲਕਾਂ ਤੋਂ ਦੁਖੀ ਹੋ ਕੇ ਆਪਣੇ ਘਰ ’ਚ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਸਿਟੀ ਪੁਲੀਸ ਨੇ ਇਮਰੀਗਰੇਸ਼ਨ ਸੰਚਾਲਕਾਂ ਸਮੇਤ ਤਿੰਨ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਜਗਮੋਹਣ ਸਿੰਘ ਨੇ ਦੱਸਿਆ ਕਿ ਜਗਦੀਪ ਸਿੰਘ ਵਾਸੀ ਪਿੰਡ ਲੰਡੇ ਕੇ ਦਾ ਬੇਦੀ ਇੰਟਰਨੈਟ ਸਰਵਿਸ ਨਾਂ ਉਤੇ ਕਾਰੋਬਾਰ ਸੀ। ਉਸਨੇ ਬੀਤੀ ਸ਼ਾਮ ਆਪਣੇ ਘਰ ਵਿੱਚ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲੀਸ ਮੁਤਾਬਕ ਮ੍ਰਿਤਕ ਦੀ ਪਤਨੀ ਅਸ਼ਿਵੰਦਰ ਕੌਰ ਦੇ ਬਿਆਨ ਉੱਤੇ ਸਮਰ ਇਮੀਗ੍ਰੇਸ਼ਨ ਸੰਚਾਲਕ ਸੰਜੇ ਤਲਵਾੜ ਤੇ ਦਵਿੰਦਰ ਸਿੰਘ ਗਿੱਲ ਤੋਂ ਇਲਾਵਾ ਸੁਖਵੰਤ ਸਿੰਘ ਉਰਫ ਸੁੱਖਾ ਵਾਸੀ ਕੋਟ ਈਸੇ ਖਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤ ਦਾ ਦੋਸ਼ ਹੈ ਕਿ ਉਸ ਦੇ ਪਤੀ ਜਗਦੀਪ ਸਿੰਘ ਦੀ ਬੇਦੀ ਇੰਟਰਨੈਟ ਸਰਵਿਸ ਦੁਕਾਨ ਦੇ ਸਾਹਮਣੇ ਵਾਲੀ ਗਲੀ ’ਚ ਮੁਲਜ਼ਮ ਸੰਜੇ ਤਲਵਾੜ ਤੇ ਦਵਿੰਦਰ ਸਿੰਘ ਗਿੱਲ ਨੇ ਸਮਰ ਇਮੀਗ੍ਰੇਸ਼ਨ ਨਾਂ ਦਾ ਦਫ਼ਤਰ ਖੋਲ੍ਹਿਆ ਸੀ, ਤੀਜਾ ਮੁਲਜ਼ਮ ਸੁਖਵੰਤ ਸਿੰਘ ਉਰਫ ਸੁੱਖਾ ਦਾ ਵੀ ਆਉਣਾ ਜਾਣਾ ਸੀ। ਮੁਲਜ਼ਮਾਂ ਨੇ ਉਸਦੇ ਪਤੀ ਨੂੰ ਜਗਦੀਪ ਸਿੰਘ ਨੂੰ ਜਆਲੀ ਆਈਲੈੱਟਸ ਸਰਟੀਫਿਕੇਟ ਬਣਾ ਕੇ ਦੇਣ ਲਈ 7 ਲੱਖ ਰੁਪਏ ’ਚ ਸੌਦਾ ਕਰਕੇ ਮੁਲਜ਼ਮਾਂ ਦੇ ਬੈਂਕ ਖਾਤੇ ’ਚ ਤਿੰਨ ਲੱਖ ਰੁਪਏ ਪਾ ਦਿੱਤੇ ਸਨ ਪਰ ਬਾਅਦ ’ਚ ਉਨ੍ਹਾਂ ਨੇ ਸਰਟੀਫਿਕੇਟ ਨਹੀਂ ਦਿੱਤਾ ਤੇ ਉਸ ਦੇ ਪਤੀ ਨੂੰ ਪ੍ਰੇਸ਼ਾਨ ਕਰਨ ਲੱਗ ਪਏ। ਉਸ ਨੇ ਕਿਹਾ ਕਿ ਤਿੰਨਾਂ ਵਿਅਕਤੀਆਂ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਪਤੀ ਨੇ ਖੁਦਕੁਸ਼ੀ ਕਰ ਲਈ।