ਪੱਤਰ ਪ੍ਰੇਰਕ
ਮਹਿਲ ਕਲਾਂ, 2 ਜੁਲਾਈ
ਪਿੰਡ ਕੁਰੜ ਦੀ ਵਿਆਹੁਤਾ ਅਮਨਦੀਪ ਕੌਰ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ ਹੋਣ ਦੇ ਬਾਵਜੂਦ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ’ਤੇ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਪੁਲੀਸ ਨੇ ਲੜਕੀ ਦੇ ਪਿਤਾ ਦਰਸ਼ਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਪਤੀ ਰਣਦੀਪ ਸਿੰਘ ਵਾਸੀ ਕੁਰੜ, ਦੋ ਦਿਓਰਾਂ, ਸੱਸ ਸਹੁਰਾ ਅਤੇ ਪੇਕੇ ਘਰ ਰਹਿੰਦੀ ਭੂਆ ਸੱਸ ਖ਼ਿਲਾਫ਼ ਧਾਰਾ 304ਬੀ ਤਹਿਤ ਕੇਸ ਦਰਜ ਕਰਕੇ ਰਣਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਜਥੇਬੰਦੀਆਂ ਤੇ ਮਾਪੇ ਕੇਸ ਵਿੱਚ ਨਾਮਜ਼ਦ ਸਾਰੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ’ਤੇ ਅੜੇ ਹੋਏ ਹਨ। ਅੱਜ ਮਹਿਲ ਕਲਾਂ ਵਿੱਚ ਭਾਕਿਯੂ (ਡਕੌਂਦਾ) ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਅਜਮੇਰ ਸਿੰਘ ਕਾਲਸਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਆਗੂ ਅਮਰਜੀਤ ਕੁੱਕੂ, ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਦੇਵ ਸਿੰਘ ਨੇ ਕਿਹਾ ਕਿ ਉਹ ਇਸ ਸਬੰਧੀ ਡੀਐੱਸਪੀ ਮਹਿਲ ਕਲਾਂ ਨੂੰ ਵੀ ਮਿਲ ਚੁੱਕੇ ਹਨ ਪਰ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨਸਾਫ਼ ਪਸੰਦ ਜਥੇਬੰਦੀਆਂ ਵੱਲੋਂ ਰਹਿੰਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਕਰਾਉਣ ਲਈ 6 ਜੁਲਾਈ ਨੂੰ ਪੁਲੀਸ ਥਾਣਾ ਠੁੱਲੀਵਾਲ ਦਾ ਘਿਰਾਓ ਕੀਤਾ ਜਾਵੇਗਾ।