ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 18 ਨਵੰਬਰ
ਨੇੜਲੇ ਪਿੰਡ ਧੂਰਕੋਟ ਵਿੱਚ ਸ਼ਰਾਬ ਦੇ ਠੇਕੇਦਾਰਾਂ ਤੋਂ ਤੰਗ ਆ ਕੇ ਇਕ ਵਿਅਕਤੀ ਵੱਲੋਂ ਕੀਤੀ ਖੁਦਕੁਸ਼ੀ ਦੀ ਸੁਣਵਾਈ ਨਾ ਹੋਣ ਦਾ ਅੱਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਸਖ਼ਤ ਨੋਟਿਸ ਲੈਂਦਿਆਂ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਪਰਿਵਾਰਕ ਮੈਂਬਰਾਂ ਮਨਜੀਤ ਕੌਰ, ਲਵਪ੍ਰੀਤ ਕੌਰ ਤੇ ਸੁਖਦੇਵ ਸਿੰਘ ਨੇ ਐੱਸਸੀ ਕਮਿਸ਼ਨ ਕੋਲ ਫਰਿਆਦ ਕੀਤੀ ਸੀ ਕੇ ਉਨ੍ਹਾਂ ਦਾ ਪੁੱਤਰ ਸਵਾ ਸਾਲ ਪਹਿਲਾਂ ਠੇਕੇਦਾਰਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਗਿਆ ਸੀ। ਥਾਣਾ ਰੂੜੇਕੇ ਕਲਾਂ ਵਿੱਚ ਸ਼ਰਾਬ ਦੇ ਠੇਕੇਦਾਰਾਂ ਅਤੇ ਐਕਸਾਈਜ਼ ਇੰਸਪੈਕਟਰ ਖ਼ਿਲਾਫ਼ ਮਾਮਲਾ ਦਰਜ ਹੋਇਆ ਸੀ ਪਰ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
ਪਰਿਵਾਰ ਦੀ ਸ਼ਿਕਾਇਤ ’ਤੇ ਅੱਜ ਪਿੰਡ ਧੂਰਕੋਟ ਪਹੁੰਚੇ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਨੇ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਪੱਖ ਜਾਣ ਕੇ ਮੌਕੇ ’ਤੇ ਹਾਜ਼ਰ ਡੀਐੱਸਪੀ ਤਪਾ ਨੂੰ ਹੁਕਮ ਕਰਦਿਆਂ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਉਨਾਂ ਖੁਦ ਥਾਣਾ ਰੂੜਕੇ ਕਲਾਂ ਪਹੁੰਚ ਕੇ ਆਪਣੀ ਨਿਗਰਾਨੀ ਹੇਠ ਪੀੜਤਾਂ ਦੇ ਬਿਆਨ ਦਰਜ ਕਰਵਾਏ ਅਤੇ ਇਨਸਾਫ਼ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕੇ ਪੀੜਤ ਪਰਿਵਾਰ ਦੇ ਅਨਪੜ੍ਹ ਹੋਣ ਕਾਰਨ ਜੋ ਪਹਿਲਾਂ ਬਿਆਨ ਦਰਜ ਕਰਵਾਏ ਗਏ ਸਨ, ਉਨ੍ਹਾਂ ਦੀ ਪੜਤਾਲ ਕੀਤੀ ਜਾਏਗੀ। ਇਸ ਸਬੰਧੀ ਡੀਐੱਸਪੀ ਤਪਾ ਨੇ ਕਿਹਾ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਪੁਲੀਸ ਦੀਆਂ ਟੀਮਾਂ ਭੇਜ ਦਿੱਤੀਆਂ ਗਈਆਂ ਹਨ।
ਇਸੇ ਦੌਰਾਨ ਕਮਿਸ਼ਨ ਨੇ ਅੱਜ ਐਫਆਈਆਰ ਵਿਚ ਐੱਸਸੀਐੱਸਟੀ ਐਕਟ ਦੀ ਧਾਰਾ ਲਗਾਉਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਧੂਰਕੋਟ ਦੇ ਮਜ਼ਦੂਰ ਨੇ ਆੜ੍ਹਤੀਏ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ ਪਰ ਪਰਿਵਾਰ ਨੇ ਸਮਝੌਤਾ ਕਰ ਲਿਆ ਸੀ।
ਮਾਂਗੇਵਾਲ ਮਾਮਲੇ ਸਬੰਧੀ ਜਾਂਚ ਦੇ ਹੁਕਮ
ਮਹਿਲ ਕਲਾਂ (ਨਵਕਿਰਨ ਸਿੰਘ): ਪਿੰਡ ਮਾਂਗੇਵਾਲ ਵਿੱਚ ਇੱਕ ਡੇਰੇ ਅਤੇ ਦਲਿਤ ਪਰਿਵਾਰਾਂ ਵਿਚਕਾਰ ਚੱਲ ਰਹੇ ਰਸਤੇ ਦੇ ਮਾਮਲੇ ਸਬੰਧੀ ਅੱਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਨੇ ਪਿੰਡ ਮਾਂਗੇਵਾਲ ਦਾ ਦੌਰਾ ਕੀਤਾ ਅਤੇ ਇਸ ਮਾਮਲੇ ਦੀ ਜਾਂਚ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ਦਲਿਤ ਪਰਿਵਾਰਾਂ ਵੱਲੋਂ ਇੱਕ ਸਥਾਨਕ ਡੇਰੇ ’ਤੇ ਉਨ੍ਹਾਂ ਦੇ ਘਰਾਂ ਨੂੰ ਜਾਂਦਾ ਰਸਤਾ ਬੰਦ ਕਰਨ ਦੇ ਕਥਿਤ ਦੋਸ਼ ਲਾਉਂਦਿਆਂ ਐੱਸਸੀ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਇਸ ਮੌਕੇ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਨੇ ਸਥਾਨਕ ਡੇਰੇ ਸਬੰਧੀ ਕੀਤੀ ਗਈ ਸ਼ਿਕਾਇਤ ਦੀ ਪੜਤਾਲ ਕੀਤੀ ਅਤੇ ਉਨ੍ਹਾਂ ਮੌਕੇ ’ਤੇ ਪਹੁੰਚੇ ਐੱਸਡੀਐੱਮ ਬਰਨਾਲਾ ਵਰਜੀਤ ਵਾਲੀਆ ਆਈਏਐੱਸ ਨੂੰ ਇਸ ਕੇਸ ਸਬੰਧੀ ਮੈਜਿਸਟੀਰੀਅਲ ਪੜਤਾਲ ਕਰ ਕੇ 10 ਦਿਨਾਂ ਦੇ ਅੰਦਰ-ਅੰਦਰ ਇਸ ਸਬੰਧੀ ਆਪਣੀ ਰਿਪੋਰਟ ਕਮਿਸ਼ਨ ਨੂੰ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ।