ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 7 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਹੜ੍ਹਾਂ ਕਾਰਨ ਤਬਾਹ ਹੋਈਆਂ ਫਸਲਾਂ ਵਾਲੇ ਕਿਸਾਨਾਂ ਦੀ ਮਦਦ ਲਈ ਅੱਗੇ ਆਉਣ। ਅੱਜ ਬੱਲੂਆਣਾ ਹਲਕੇ ਦੇ ਪਿੰਡਾਂ ਗੱਦਾਡੋਬ, ਭੰਗਾਲਾ, ਚੰਨਣ ਖੇੜਾ, ਬੱਲੂਆਣਾ, ਕੇਰਾ ਖੇੜਾ ਅਤੇ ਬਹੁਲ ਵਾਸੀ ਦਾ ਦੌਰਾ ਕਰਦਿਆਂ ਸੁਖਬੀਰ ਬਾਦਲ ਪੀੜਤ ਕਿਸਾਨਾਂ ਨੂੰ ਮਿਲੇ।
ਪਿੰਡ ਬਹਾਵਲਵਾਸੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੈਡੀਕਲ ਟੀਮਾਂ ਨੂੰ ਇਸ ਹਲਕੇ ਵਿੱਚ ਕੱਲ੍ਹ ਤੋਂ ਤਾਇਨਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ। ਕਿਸਾਨਾਂ ਲਈ ਸਰਕਾਰ ਲੰਗਰ ਪਾਣੀ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਬਿਨਾਂ ਦੇਰੀ ਕੀਤੇ ਫ਼ਸਲਾਂ ਦੀ ਸਪੈਸ਼ਲ ਗਿਰਦਾਵਰੀ ਹੋਣੀ ਚਾਹੀਦੀ ਹੈਕਿਉਂਕਿ ਹੜ੍ਹਾਂ ਕਾਰਨ ਝੋਨੇ ਅਤੇ ਨਰਮੇ ਦੀ ਫ਼ਸਲ ਤਬਾਹ ਹੋ ਗਈ ਹੈ। ਚਾਰ ਚਾਰ ਫੁੱਟ ਤੱਕ ਖੇਤਾਂ ਵਿੱਚ ਜਮ੍ਹਾਂ ਪਾਣੀ ਤੋਂ ਹਾਲਾਤ ਇਹ ਬਣੇ ਹਨ ਕਿ ਅਗਲੇ ਛੇ ਮਹੀਨੇ ਤੱਕ ਕਿਸਾਨ ਆਪਣੀ ਜ਼ਮੀਨ ਤੇ ਕੋਈ ਫਸਲ ਨਹੀਂ ਲੈ ਸਕਣਗੇ। ਅਜਿਹੇ ਹਾਲਾਤ ਵਿੱਚ ਮੁੱਖ ਮੰਤਰੀ ਨੂੰ ਕਿਸਾਨਾਂ ਲਈ ਤੁਰੰਤ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ,‘ਡੇਢ ਸਾਲ ਔਖਾ ਸੋਖਾ ਕੱਟ ਲਓ ਉਸ ਤੋਂ ਬਾਅਦ ਆਪਣੀ ਸਰਕਾਰ ਬਣ ਜਾਣੀ ਹੈ ਛੇ ਮਹੀਨੇ ਵਿੱਚ ਇਲਾਕੇ ਵਿੱਚੋਂ ਸੇਮ ਦਾ ਖਾਤਮਾ ਕਰ ਦਿਆਂਗੇ।’ ਦੌਰੇ ਦੌਰਾਨ ਕਿਸਾਨਾਂ ਨੇ ਸੁਖਬੀਰ ਬਾਦਲ ਨੂੰ ਫ਼ਸਲਾਂ ਵਿਖਾਈਆਂ ਹਜ਼ਾਰਾਂ ਏਕੜ ਨਰਮੇ ਦੀ ਤਬਾਹ ਹੋਈ ਫ਼ਸਲ ਵੇਖ ਕੇ ਸੁਖਬੀਰ ਨੇ ਕਿਹਾ ਕਿ ਉਹ ਇਸ ਮੁੱਦੇ ਤੇ ਕੇਂਦਰ ਸਰਕਾਰ ਨਾਲ ਵੀ ਗੱਲਬਾਤ ਕਰਨਗੇ।
ਇਸ ਮੌਕੇ ਸਾਬਕਾ ਵਿਧਾਇਕ ਅਤੇ ਚੀਫ ਪਾਰਲੀਮਾਨੀ ਸਕੱਤਰ ਗੁਰਤੇਜ ਸਿੰਘ ਘੁੜਿਆਣਾ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ,ਪਾਰਟੀ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਥੇਦਾਰ ਗੁਰਪਾਲ ਸਿੰਘ ਗਰੇਵਾਲ, ਮਾਰਕੀਟ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਰਜਿੰਦਰ ਸਿੰਘ ਬਰਾੜ ਅਤੇ ਸਾਹਬ ਰਾਮ ਧਰਾਂਗਵਾਲਾ ਆਦਿ ਹਾਜ਼ਰ ਸਨ।