ਜੋਗਿੰਦਰ ਸਿੰਘ ਮਾਨ
ਮਾਨਸਾ, 9 ਅਕਤੂਬਰ
ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮਾਨਸਾ ਦੇ ਇੱਕ ਸਦੀ ਪੁਰਾਣੇ ਗੰਦੇ ਟੋਭੇ ਦਾ ਦੌਰਾ ਕਰਦਿਆਂ ਅੱਜ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆ ਰਹੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਇਸ ਮਾਮਲੇ ਨੂੰ ਜ਼ਰੂਰ ਉਠਾਉਣਗੇ ਤਾਂ ਜੋ ਲੰਬੇ ਸਮੇਂ ਸ਼ਹਿਰ ਵਿਚਲੇ ਲੱਗੇ ਇਸ ਗੰਦਗੀ ਦੇ ਵੱਡੇ-ਵੱਡੇ ਢੇਰਾਂ ਤੋਂ ਜ਼ਿਲ੍ਹੇ ਦੇ ਲੋਕਾਂ ਨੂੰ ਨਿਜਾਤ ਦਿਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਲੰਬੇ ਸਮੇਂ ਤੋਂ ਅਕਾਲੀ ਦਲ ਦੀ ਸਰਕਾਰ ਵੱਲੋਂ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਇਸ ਗੰਦੇ ਟੋਭੇ ਵਿੱਚ ਸਟੇਡੀਅਮ ਬਣਾ ਕੇ ਵੋਟਾਂ ਲਈਆਂ ਗਈਆਂ ਅਤੇ ਕਿਸੇ ਵੀ ਇਸੇ ਗੰਦੇ ਟੋਭੇ ਉਪਰ ਰੋਜ਼ ਗਾਰਡਨ ਦੇ ਨਾਂ ਉਤੇ ਵੋਟਾਂ ਮੰਗੀਆਂ, ਜਦੋਂ ਕਿ ਬਣਿਆ ਇਥੇ ਕੁੱਝ ਵੀ ਨਹੀਂ।
ਉਨ੍ਹਾਂ ਟੋਭੇ ਦੇ ਗੰਦੇ ਪਾਣੀ ਦੀ ਨਿਕਾਸੀ, ਕੂੜੇ ਦੇ ਢੇਰ ਚਕਵਾਉਣ, ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲਾ ਵੱਲੋਂ ਵਰਤਿਆ ਜਾ ਰਿਹਾ ਨਹਿਰੀ ਅਤੇ ਧਰਤੀ ਹੇਠਲਾ ਪਾਣੀ ਰੋਕਣ ਅਤੇ ਸੀਵਰੇਜ ਦਾ ਪਾਣੀ ਆਪਣੇ ਨਿੱਜੀ ਖਰਚੇ ’ਤੇ ਲਿਜਾ ਕੇ ਵਰਤਣ ਲਈ ਪਾਬੰਦ ਕਰਨ ਸਬੰਧੀ, ਜੋ ਮੰਗ ਪੱਤਰ ਸੰਵਿਧਾਨ ਬਚਾਓ ਮੰਚ ਵੱਲੋਂ ਦਿੱਤਾ ਗਿਆ ਹੈ, ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਮਾਹਿਰਾਂ ਦੀ ਸਲਾਹ ਨਾਲ ਤਾਪਘਰ ਵਿੱਚ ਸੀਵਰੇਜ ਦਾ ਪਾਣੀ ਪਹੁੰਚਾਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਅਵਾਰਾ ਪਸ਼ੂਆਂ ਖਿਲਾਫ਼ ਵਿੱਢੀ ਗਈ ਲੰਬੀ ਲੜਾਈ ਦਾ ਆਰੰਭ ਮਾਨਸਾ ਦੀ ਧਰਤੀ ਤੋਂ ਹੋਇਆ ਸੀ ਪਰ ਉਹ ਅੱਜ ਤੱਕ ਲਾਗੂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਵਾਰਾ ਪਸ਼ੂਆਂ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਦਿਨੋਂ-ਦਿਨ ਵੱਧ ਰਿਹਾ ਹੈ। ਇਸ ਮੌਕੇ ਸੰਤ ਬਾਬਾ ਅੰਮ੍ਰਿਤ ਮੁਨੀ, ਕ੍ਰਿਸ਼ਨ ਚੌਹਾਨ, ਡਾ.ਧੰਨਾ ਮੱਲ ਗੋਇਲ, ਮਨਦੀਪ ਗੋਰਾ, ਆਤਮਾ ਸਿੰਘ ਪਮਾਰ, ਹਰਪ੍ਰੀਤ ਸਿੰਘ, ਜਗਦੀਪ ਸਿੰਘ ਢਿੱਲੋ, ਨਰਿੰਦਰ ਕੌਰ ਵੀ ਹਾਜ਼ਰ ਸਨ।
ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ
ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ’ਤੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਲਈ ਜ਼ਿੰਮੇਵਾਰ ਹੈ ਅਤੇ ਮਾਨਸਾ ਪੁਲੀਸ ਦੀ ਗ੍ਰਿਫ਼ਤ ’ਚੋਂ ਖੂੰਖਾਰ ਗੈਂਗਸਟਰ ਦੇ ਫਰਾਰ ਹੋਣ ਨਾਲ ਪੁਲੀਸ ਦੀ ਸੁਸਤੀ ਦੇ ਕਈ ਪਾਜ਼ ਉਖੜੇ ਹਨ, ਪਰ ਸਰਕਾਰ ਸੁੱਤੀ ਪਈ ਹੈ।