ਪੱਤਰ ਪ੍ਰੇਰਕ
ਮਾਨਸਾ, 18 ਜੂਨ
ਪ੍ਰੀ ਮਾਨਸੂਨ ਦੇ ਉੱਚਾ ਚੜ੍ਹ ਜਾਣ ਤੋਂ ਬਾਅਦ ਮਾਲਵਾ ਖੇਤਰ ਵਿਚ ਜੇਠ ਤੋਂ ਬਾਅਦ ਹੁਣ ਹਾੜ ਮਹੀਨਾ ਵੀ ਲੋਕਾਂ ਨੂੰ ਸੇਕ ਰਿਹਾ ਹੈ। ਇਸ ਖੇਤਰ ਵਿੱਚ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 44 ਡਿਗਰੀ ਤੋਂ ਵੱਧ ਹੋਣ ਕਾਰਨ ਲੋਕਾਂ ਦੀ ਜ਼ਿੰਦਗੀ ਘਰਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਮੌਸਮ ਮਹਿਕਮੇ ਨੇ 19 ਜੂਨ ਤੱਕ ਗਰਮੀ ਦੀ ਲਹਿਰ ਦਾ ਸਿਲਸਿਲਾ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ ਅਤੇ 20 ਜੂਨ ਤੋਂ ਬਾਅਦ ਮੌਸਮ ਵਿਚ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਅਨੁਸਾਰ ਅੱਜ ਮਾਨਸਾ ਵਿਚ ਤਾਪਮਾਨ 44.33, ਬਠਿੰਡਾ ਵਿਚ 43.09, ਲੁਧਿਆਣਾ ਵਿਚ 44, ਬਰਨਾਲਾ ਵਿਚ 43.38, ਮੋਗਾ ਵਿੱਚ 43.68, ਮੁਕਤਸਰ ਸਾਹਿਬ ਵਿੱਚ 44, ਫਾਜ਼ਿਲਕਾ ਵਿਖੇ 43.76, ਅਤੇ ਫਰੀਦਕੋਟ ਵਿਖੇ 43 ਡਿਗਰੀ ਸੈਲਸੀਅਸ ਰਿਹਾ। ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾ. ਪਾਲ ਨੇ ਦੱਸਿਆ ਕਿ ਅਗਲੇ ਦੋ ਤਿੰਨ ਦਿਨਾਂ ਤੋਂ ਬਾਅਦ ਹੀ ਗਰਮੀ ਤੋਂ ਛੁਟਕਾਰਾ ਨਹੀਂ ਮਿਲਦਾ ਨਜ਼ਰ ਆ ਰਿਹਾ ਹੈ। ਉਧਰ ਹਾੜ ਦੀ ਗਰਮੀ ਨੇ ਲੋਕਾਂ ਨੂੰ ਜਿਊਣਾ ਦੁੱਭਰ ਕਰ ਦਿੱਤਾ ਹੈ। ਗਰਮੀ ਨਾ ਝੱਲਣ ਕਾਰਨ ਬੱਚੇ, ਬਜ਼ੁਰਗ ਅਤੇ ਔਰਤਾਂ ਬਿਮਾਰ ਹੋਣ ਲੱਗੀਆਂ ਹਨ। ਪੰਜਾਬ ਵਿੱਚ ਲਗਾਤਾਰ ਪੈ ਰਹੀ ਗਰਮੀ ਤੋਂ ਬਚਣ ਲਈ ਸਿਹਤ ਵਿਭਾਗ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤਾਂ ਜੋ ਲੋਕ ਵਧੇਰੇ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਸਕਣ। ਸਿਹਤ ਵਿਭਾਗ ਨੇ ਹਰਕਤ ਵਿੱਚ ਆਉਂਦਿਆਂ ਲੋਕਾਂ ਨੂੰ ਆਪਣਾ ਬਚਾਅ ਕਰਨ ਲਈ ਦੁਪਹਿਰ ਸਮੇਂ ਧੁੱਪ ਵਿੱਚ ਜਾਣ ਤੋਂ ਗੁਰੇਜ਼ ਕਰਨ ਦਾ ਸੱਦਾ ਦਿੱਤਾ ਹੈ।