ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 4 ਅਗਸਤ
ਪੰਜਾਬ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਜ਼ਿਲ੍ਹਾ ਫ਼ਰੀਦਕੋਟ ਵਿੱਚ ਆਉਂਦੇ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ ਮੁਫ਼ਤ ਕਣਕ ਦੀ ਵੰਡ ਕੀਤੀ ਜਾ ਰਹੀ ਹੈ ਤੇ ਇਸ ਸਬੰਧ ਵਿੱਚ ਵਿਭਾਗ ਦੇ ਅਧਿਕਾਰੀਆਂ ਵੱਲੋਂ ਰਾਸ਼ਨ ਦੀ ਸਹੀ ਵੰਡ ਸਬੰਧੀ ਜਾਇਜ਼ਾ ਲੈਣ ਲਈ ਚੈਕਿੰਗ ਵੀ ਕੀਤੀ ਜਾ ਰਹੀ ਹੈ। ਇਸ ਚੈਕਿੰਗ ਦੌਰਾਨ ਰਾਸ਼ਨ ਵੰਡ ਵਿੱਚ ਬੇ-ਨਿਯਮੀਆਂ ਕਰਨ ਵਾਲੇ ਅਤੇ ਕਾਰਡ ਹੋਲਡਰਾਂ ਨਾਲ ਮਾੜਾ ਸਲੂਕ ਕਰਨ ਵਾਲੇ ਜ਼ਿਲ੍ਹੇ ਦੇ ਛੇ ਡਿੱਪੂ ਹੋਲਡਰਾਂ ਦੀ ਸਪਲਾਈ ਮੁਅੱਤਲ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੰਟਰੋਲ ਖ਼ੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਫ਼ਰੀਦਕੋਟ ਵਿੱਚ ਇਸ ਸਕੀਮ ਤਹਿਤ 95,722 ਰਾਸ਼ਨ ਕਾਰਡ ਹੋਲਡਰ ਹਨ। ਇਸ ਸਕੀਮ ਤਹਿਤ ਹੁਣ ਤੱਕ 67 ਪ੍ਰਤੀਸ਼ਤ ਕਣਕ ਦੀ ਵੰਡ ਹੋ ਚੁੱਕੀ ਹੈ, ਰਹਿੰਦੀ 33 ਪ੍ਰਤੀਸ਼ਤ ਲਾਭਪਾਤਰੀਆਂ ਨੂੰ ਜਲਦੀ ਵੰਡਣੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕਣਕ ਦੀ ਵੰਡ ਦੌਰਾਨ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਤਹਿਤ ਬੇਨਿਯਮੀਆਂ ਅਤੇ ਕਾਰਡ ਹੋਲਡਰਾਂ ਨਾਲ ਮਾੜਾ ਸਲੂਕ ਕਰਨ ਵਾਲੇ ਬਲਵਿੰਦਰ ਸਿੰਘ ਪਿੰਡ ਸਿਰਸੜੀ, ਮਨਜੀਤ ਕੌਰ ਪਿੰਡ ਔਲਖ, ਹਰਚਰਨ ਸਿੰਘ ਕੋਟਕਪੂਰਾ ਸ਼ਹਿਰੀ, ਨਰੇਸ਼ ਕੁਮਾਰ ਫ਼ਰੀਦਕੋਟ ਸ਼ਹਿਰੀ, ਜਗਮੀਤ ਸਿੰਘ ਪਿੰਡ ਅਰਾਈਆਂ ਵਾਲਾ ਕਲਾਂ, ਪਰਵਿੰਦਰ ਸਿੰਘ ਪਿੰਡ ਸਿੱਖਾਂਵਾਲਾ ਦੇ ਡਿੱਪੂਆਂ ਦੀ ਸਪਲਾਈ ਮੁਅੱਤਲ ਕੀਤੀ ਗਈ ਹੈ ਅਤੇ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹੇ ਦੇ ਬਾਕੀ ਡਿੱਪੂ ਹੋਲਡਰਾਂ ਨੂੰ ਹਦਾਇਤ ਕੀਤੀ ਕਿ ਜੇ ਭਵਿੱਖ ਵਿੱਚ ਇਨ੍ਹਾਂ ਵੱਲੋਂ ਰਾਸ਼ਨ ਵੰਡ ਤਹਿਤ ਆਉਂਦੀਆਂ ਸਕੀਮਾਂ ਦੇ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਵਿੱਚ ਕਿਸੇ ਕਿਸਮ ਦੀ ਕੁਤਾਹੀ ਸਾਹਮਣੇ ਆਉਂਦੀ ਹੈ ਤਾਂ ਡਿੱਪੂ ਹੋਲਡਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।