ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਸਤੰਬਰ
ਇੱਥੇ ਲਿਖਾਰੀ ਸਭਾ ਵੱਲੋਂ ਕਰਵਾਏ ਸਮਾਗਮ ਵਿਚ ਲੇਖਕ ਜੋਧ ਸਿੰਘ ਮੋਗਾ ਅਤੇ ਕਾਲਮ ਨਵੀਸ ਸਾਬਕਾ ਡੀਪੀਆਰਓ ਗਿਆਨ ਸਿੰਘ ਨੇ ਪ੍ਰੋ. ਸੁਰਜੀਤ ਸਿੰਘ ਕਾਉਂਕੇ ਦਾ ਗਜ਼ਲ ਸੰਗ੍ਰਹਿ ‘ਸਮੇਂ ਦੀ ਅੱਖ’ ਲੋਕ ਅਰਪਣ ਕੀਤਾ। ਲੇਖਕ ਜੋਧ ਸਿੰਘ ਮੋਗਾ ਨੇ ਕਿਹਾ ਕਿ ਕਿਸੇ ਵੀ ਲੇਖਕ ਦਾ ਸੁਭਾਅ, ਸਖਸ਼ੀਅਤ ਬੌਧਿਕਤਾ, ਵਿਦਵਤਾ ਤੇ ਸਮਾਜ ਅਤੇ ਸੱਭਿਆਚਾਰ ਪ੍ਰਤੀ ਪ੍ਰਤੀਬੱਧਤਾ ਉਸ ਦੀਆਂ ਪੁਸਤਕਾਂ ਤੋਂ ਹੀ ਜਾਣਿਆ ਜਾ ਸਕਦਾ ਹੈ। ਸਾਬਕਾ ਡੀਪੀਆਰਓ ਗਿਆਨ ਸਿੰਘ ਤੇ ਉੱਭਰਦੇ ਸ਼ਾਇਰ ਮੀਤ ਗੁਰਮੀਤ ਨੇ ਕਿਹਾ ਕਿ ਪ੍ਰੋ. ਸੁਰਜੀਤ ਕਾਉਂਕੇ ਦਾ ਕਾਵਿ-ਬੋਧ ਆਪਣੀ ਰੂਪਕ ਗੁਣਵੱਤਾ ਅਤੇ ਬਿੰਬਾਵਲੀ ਸਦਕਾ ਨਵੇਂ ਦਿਸਹੱਦੇ ਕਾਇਮ ਕਰਦਾ ਦਿਖਾਈ ਦਿੰਦਾ ਹੈ। ਕੈਨੇਡਾ ਤੋਂ ਆਏ ਠਾਕਰਪਰੀਤ ਰਾਊਕੇ ਨੇ ਕਿਹਾ ਕਿ ਸੁਰਜੀਤ ਕਾਉਂਕੇ ਸਮਾਜਕ ਸਰੋਕਾਰਾਂ ਦਾ ਸ਼ਾਇਰ ਹੈ ਅਤੇ ਇਸ ਦੀਆਂ ਪੁਸਤਕਾਂ ਵਿਦੇਸ਼ਾਂ ਵਿਚ ਵੀ ਪਾਠਕ ਸ਼ੌਕ ਨਾਲ ਪੜ੍ਹਦੇ ਹਨ। ਇਸ ਮੌਕੇ ਪਰਮਜੀਤ ਸਿੰਘ, ਡਾ. ਬਲਦੇਵ ਸਿੰਘ ਢਿੱਲੋਂ , ਪ੍ਰੇਮ ਕੁਮਾਰ ਬਲਬੀਰ ਸਿੰਘ ਪਰਦੇਸੀ, ਗੁਰਨਾਮ ਸਿੰਘ ਅਟਵਾਲ ਜਗੀਰ ਖੋਖਰ, ਬਲਜੀਤ ਸਿੰਘ ਤੇ ਗੀਤਕਾਰ ਬਲਵਿੰਦਰ ਸਿੰਘ ਕੈਂਥ ਵੀ ਮੌਜੂਦ ਸਨ।