ਜਗਤਾਰ ਸਮਾਲਸਰ
ਏਲਨਾਬਾਦ, 30 ਅਕਤੂਬਰ
ਵਿਧਾਨ ਸਭਾ ਹਲਕਾ ਏਲਨਾਬਾਦ ਦੀ ਜ਼ਿਮਨੀ ਚੋਣ ਲਈ ਅੱਜ ਪਈਆਂ ਵੋਟਾਂ ਦੌਰਾਨ ਹਲਕੇ ਦੇ ਪਿੰਡਾਂ ਮਿੱਠੀ ਸੁਰੇਰਾ ਅਤੇ ਪ੍ਰਤਾਪ ਨਗਰ ਵਿੱਚ ਪੈਸੇ ਵੰਡਣ ਲਈ ਆਏ ਕੁਝ ਵਿਅਕਤੀਆਂ ਨੂੰ ਪਿੰਡ ਵਾਸੀਆਂ ਨੇ ਦਬੋਚ ਲਿਆ। ਪਿੰਡ ਮਿੱਠੀ ਸੁਰੇਰਾ ਵਿੱਚੋਂ ਫੜੇ ਗਏ ਵਿਅਕਤੀ ਕੋਲੋਂ ਪੁਲੀਸ ਨੇ 32 ਹਜ਼ਾਰ ਰੁਪਏ ਬਰਾਮਦ ਕੀਤੇ। ਪੁੱਛਗਿੱਛ ਦੌਰਾਨ ਉਸ ਵਿਅਕਤੀ ਨੇ ਦੱਸਿਆ ਕਿ ਉਹ ਇਹ ਪੈਸੇ ਸਿਰਸਾ ਤੋਂ ਲੈ ਕੇ ਆਇਆ ਹੈ ਜੋ ਪਿੰਡ ਦੇ ਗਰੀਬ ਪਰਿਵਾਰਾਂ ਵਿੱਚ ਵੰਡੇ ਜਾਣੇ ਸਨ। ਇਸੇ ਤਰ੍ਹਾਂ ਪਿੰਡ ਪ੍ਰਤਾਪ ਨਗਰ ਵਿੱਚ ਵੀ ਲੋਕਾਂ ਨੇ ਦੋ ਗੱਡੀਆਂ ਵਿੱਚ ਆਏ ਕੁਝ ਲੋਕਾਂ ’ਤੇ ਪੈਸੇ ਵੰਡਣ ਦੇ ਦੋਸ਼ ਲਗਾਏ। ਇਨ੍ਹਾਂ ਵਿੱਚੋਂ ਇੱਕ ਗੱਡੀ ਸਵਾਰ ਤਾਂ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਇਸ ਦੀ ਸੂਚਨਾ ਪੁਲੀਸ ਅਧਿਕਾਰੀਆਂ ਨੂੰ ਦਿੱਤੀ ਤਾਂ ਮੌਕੇ ’ਤੇ ਪਹੁੰਚੀ ਪੁਲੀਸ ਨੇ ਇੱਕ ਵਿਅਕਤੀ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿੱਚ ਲੈ ਲਿਆ।
ਹਲਕੇ ਦੇ ਪਿੰਡ ਮਾਖੋਸਰਾਨੀ ਵਿੱਚ ਵੀ ਭਾਜਪਾ ਵਰਕਰਾਂ ਅਤੇ ਕੁਝ ਕਿਸਾਨਾਂ ਵਿਚਕਾਰ ਤਕਰਾਰ ਪੈਦਾ ਹੋ ਗਿਆ। ਪਿੰਡ ਥੋਬਰੀਆ ਵਿੱਚ ਵੀ ਲੋਕਾਂ ਨੇ ਕਾਰ ਸਵਾਰ ਸ਼ੱਕੀ ਵਿਅਕਤੀ ਨੂੰ ਘੇਰ ਲਿਆ। ਲੋਕਾਂ ਦਾ ਦੋਸ਼ ਸੀ ਕਿ ਇਹ ਵਿਅਕਤੀ ਪਿੰਡ ਵਿੱਚ ਪੈਸੇ ਵੰਡਣ ਲਈ ਆਇਆ ਹੋਇਆ ਹੈ। ਮੌਕੇ ’ਤੇ ਪਹੁੰਚੇ ਪੁਲੀਸ ਅਧਿਕਾਰੀਆਂ ਨੇ ਕਾਰ ਦੀ ਤਲਾਸ਼ੀ ਲਈ ਪਰ ਕਾਰ ਵਿੱਚੋਂ ਕੋਈ ਵੀ ਇਤਰਾਜ਼ਯੋਗ ਸਾਮਾਨ ਆਦਿ ਬਰਾਮਦ ਨਹੀਂ ਹੋਇਆ।
ਇਸ ਦੌਰਾਨ ਹੀ ਭਾਜਪਾ-ਜਜਪਾ ਖ਼ਿਲਾਫ਼ ਲੋਕਾਂ ਦਾ ਰੋਹ ਵੀ ਵੇਖਣ ਨੂੰ ਮਿਲਿਆ ਅਤੇ ਪੰਜਾਬੀ ਬੈਲਟ ਦੇ ਬਹੁਤੇ ਪਿੰਡਾਂ ਵਿੱਚ ਤਾਂ ਭਾਜਪਾ-ਜਜਪਾ ਪਾਰਟੀ ਦਾ ਕੋਈ ਬੂਥ ਹੀ ਨਹੀਂ ਲੱਗਿਆ। ਪਿੰਡ ਹਿਮਾਯੂਖੇੜਾ ਦੇ ਨਜ਼ਦੀਕ ਪੈਂਦੀ ਇੱਕ ਗਰੀਬ ਬਸਤੀ ਦੇ ਲੋਕਾਂ ਨੇ ਇਨ੍ਹਾਂ ਵੋਟਾਂ ਦਾ ਬਾਈਕਾਟ ਕੀਤਾ। ਇਨ੍ਹਾਂ ਗਰੀਬ ਪਰਿਵਾਰਾਂ ਦਾ ਕਹਿਣਾ ਸੀ ਕਿ ਭਾਜਪਾ ਦੇ ਕੁਝ ਆਗੂਆਂ ਨੇ ਉਨ੍ਹਾਂ ਦੇ ਨਾਮ ’ਤੇ ਪੈਸੇ ਲੈ ਕੇ ਆਪਣੀਆਂ ਜੇਬਾਂ ਭਰ ਲਈਆਂ ਹਨ ਅਤੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।