ਜੋਗਿੰਦਰ ਸਿੰਘ ਮਾਨ
ਮਾਨਸਾ, 2 ਜੁਲਾਈ
ਪੰਜਾਬ ਵਿੱਚ ਸਫ਼ਾਈ ਕਾਮਿਆਂ ਦੀ ਚੱਲ ਰਹੀ ਹੜਤਾਲ ਅੱਜ ਬਾਅਦ ਦੁਪਹਿਰ ਵਾਪਸ ਲੈਣ ਦਾ ਦਾਅਵਾ ਕੀਤਾ ਗਿਆ ਹੈ। ਮਾਨਸਾ ਸ਼ਹਿਰ ਵਿੱਚ ਸਫ਼ਾਈ ਕਾਮਿਆਂ ਨੇ ਬਾਅਦ ਦੁਪਹਿਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਸਫ਼ਾਈ ਕਾਰਜ ਆਰੰਭ ਦਿੱਤੇ ਹਨ।
ਸਫ਼ਾਈ ਸੇਵਕ ਯੂਨੀਅਨ ਦੇ ਜਨਰਲ ਸਕੱਤਰ ਮਨੋਜ ਕੁਮਾਰ ਨੇ ਭੇਜੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ 13 ਮਈ ਤੋਂ ਲਗਾਤਾਰ ਚੱਲ ਰਹੀ ਇਹ ਹੜਤਾਲ ਪੰਜਾਬ ਸਰਕਾਰ ਨਾਲ ਹੋਏ ਸਮਝੌਤੇ ਮਗਰੋਂ ਸਮਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਤੇ ਨਿਯਮਾਂ ਅਨੁਸਾਰ ਹੀ ਹੁਣ ਸਫ਼ਾਈ ਕਾਮਿਆਂ ਨੂੰ ਠੇਕੇ ’ਤੇ ਕੰਮ ਕਰਨ ਦੀ ਮੰਗ ਨੂੰ ਸਰਕਾਰ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਰਸੋਂ ਹੋਈ ਗੱਲਬਾਤ ਵਿੱਚ ਰੱਖੀਆਂ ਮੰਗਾਂ ਨੂੰ ਮੰਨਣ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਊਟਸੋਰਸ ਉੱਪਰ ਕੰਮ ਕਰਦੇ ਕਾਮਿਆਂ ਨੂੰ ਰੈਗੂਲਰ ਕਰਨ ਸਬੰਧੀ ਨਗਰ ਪੰਚਾਇਤ, ਨਗਰ ਨਿਗਮ, ਨਗਰ ਕੌਂਸਲ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਅੱਜ ਇਥੇ ਯੂਨੀਅਨ ਦੀ ਹਾਜ਼ਰੀ ਵਿੱਚ ਹੜਤਾਲ ਨੂੰ ਸਮਾਪਤ ਕਰਨ ਐਲਾਨ ਕੀਤਾ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸ਼ਮੀ ਤੇਹਰੀਆ ਦੇ ਜਸਵਿੰਦਰ ਸਿੰਘ ਬਿੱਟੂ ਤੇ ਗੁਰਮੀਤ ਸਿੰਘ ਜੀਤਾ ਨੇ ਕਿਹਾ ਕਿ ਸਰਕਾਰ ਨੇ ਸਫਾਈ ਸੇਵਕਾਂ ਦੀਆਂ ਮੰਗਾਂ ਪ੍ਰਵਾਨ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਇਸ ਨਾਲ ਜਥੇਬੰਦੀ ਦੀ ਜਿੱਤ ਹੋਈ ਹੈ। ਹਾਲ ਦੀ ਘੜੀ 52 ਦਿਨਾਂ ਬਾਅਦ ਸਫਾਈ ਸੇਵਕਾਂ ਨੇ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਜਿਸ ’ਤੇ ਲੋਕਾਂ ਨੇ ਸੁਖ ਦਾ ਸਾਹ ਲਿਆ ਹੈ।