ਪੱਤਰ ਪ੍ਰੇਰਕ
ਮਾਨਸਾ, 4 ਜੂਨ
ਸਫ਼ਾਈ ਸੇਵਕ ਯੂਨੀਅਨ ਹਰ ਰੋਜ਼ ਨਗਰ ਕੌਸਲ ਦਫ਼ਤਰ ਸਾਹਮਣੇ ਪਿਛਲੇ ਲਗਾਤਾਰ 23 ਦਿਨਾਂ ਤੋਂ ਸੱਥਰ ਵਿਛਾ ਕੇ ਬੈਠਦੇ ਹਨ ਅਤੇ ਸਰਕਾਰ ਨੂੰ ਮੰਗਾਂ ਮਸਲਿਆਂ ਦੇ ਹੱਲ ਤੱਕ ਕੰਮ ’ਤੇ ਨਾ ਆਉਣ ਦੀ ਚਿਤਾਵਨੀ ਦਿੰਦੇ ਹਨ। ਅੱਜ ਧਰਨੇ ਦੌਰਾਨ ਜਥੇਬੰਦੀ ਦੇ ਆਗੂ ਰੂਪ ਚੰਦ ਪਰੋਚਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਨਗਰ ਕੌਂਸਲ ਦੇ ਸਫਾਈ ਸੇਵਕਾਂ ਵੱਲੋਂ ਮੰਗਾਂ ਦੀ ਪੂਰਤੀ ਲਈ ਚੱਲ ਰਿਹਾ ਧਰਨਾ ਅੱਜ 22ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਦਿਲਬਾਗ ਰਾਏ, ਪੱਪੂ ਰਾਮ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ 9 ਜੂਨ ਤੋਂ ਪਹਿਲਾਂ ਮੰਗਾਂ ਪੂਰੀਆਂ ਨਾ ਕੀਤੀਆਂ, ਤਾਂ ਉਹ ਪਰਿਵਾਰਾਂ ਸਮੇਤ 9 ਜੂਨ ਨੂੰ ਪਟਿਆਲਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਦਾ ਘਿਰਾਓ ਕਰਨਗੇ।
ਨਥਾਣਾ (ਪੱਤਰ ਪ੍ਰੇਰਕ): ਸਫਾਈ ਸੇਵਕਾਂ ਦੀ ਹੜਤਾਲ ਦੇ ਬਦਲ ਵਿੱਚ ਨਗਰ ਪੰਚਾਇਤ ਨੇ ਆਊਟ ਸੋਰਸਿੰਗ ਸਫਾਈ ਕਾਮਿਆਂ ਰਾਹੀਂ ਸ਼ੁਰੂ ਕਰਵਾਏ ਕੰਮ ਨੂੰ ਉਸ ਸਮੇਂ ਢਾਹ ਲੱਗੀ ਜਦੋਂ ਸਫਾਈ ਸੇਵਕਾਂ ਨੇ ਮਰੇ ਹੋਏ ਜਾਨਵਰਾਂ ਨੂੰ ਇਕੱਠਾ ਕਰਕੇ ਨਗਰ ਪੰਚਾਇਤ ਦੇ ਦਫਤਰ ਦੇ ਅੰਦਰ ਸੁੱਟ ਦਿੱਤਾ। ਸੜਿਆਂਦ ਕਾਰਨ ਦਫ਼ਤਰ ਦੇ ਮੁਲਾਜ਼ਮ ਉਥੋਂ ਜਾਣ ਲਈ ਮਜਬੂਰ ਹੋ ਗਏ।
ਧਨੌਲਾ ਵਿੱਚ ਹੜਤਾਲ ਕਾਰਨ ਕੂੜੇ ਦੀ ਭਰਮਾਰ
ਧਨੌਲਾ (ਪੁਨੀਤ ਮੈਨਨ): ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਵਿੱਚ ਥਾਂ ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਕੂੜੇ ਕਾਰਨ ਬਿਮਾਰੀਆਂ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ। ਸ਼ਹਿਰ ਦੇ ਹਾਲਾਤ ਐਨੇ ਖਰਾਬ ਹੋ ਚੁੱਕੇ ਹਨ ਕਿ ਨਾਲੀਆਂ ਦਾ ਪਾਣੀ ਘਰਾਂ ਬਾਹਰ ਜਮ੍ਹਾਂ ਹੋਣ ਲੱਗਿਆ ਹੈ। ਜ਼ਿਕਰਯੋਗ ਹੈ ਕਿ ਸਫਾਈ ਸੇਵਕਾਂ ਦੀ ਹੜਤਾਲ ਨੂੰ 20 ਦਿਨ ਲੰਘ ਚੁੱਕੇ ਹਨ ਪਰ ਹੁਣ ਤੱਕ ਹੜਤਾਲ ਖਤਮ ਹੋਣ ਸਬੰਧੀ ਕੋਈ ਕਦਮ ਨਹੀਂ ਉਠਾਇਆ ਗਿਆ।ਸਫਾਈ ਸੇਵਕ ਯੁਨੀਅਨ ਦੇ ਬੁਲਾਰਿਆਂ ਰਾਮ ਨਿਵਾਸ ਤੇ ਸੱਤਪਾਲ ਨੇ ਕਿਹਾ ਕਿ ਹੜਤਾਲ ’ਤੇ ਚੱਲ ਰਹੇ ਸਫਾਈ ਸੇਵਕਾਂ ਦੀਆਂ ਮੰਗਾਂ ਵੱਲ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ। ਅਕਾਲੀ ਦਲ ਦੇ ਆਗੂ ਦਵਿੰਦਰ ਬੀਹਲਾ ਨੇ ਸਫਾਈ ਸੇਵਕਾਂ ਦੀ ਹੜਤਾਲ ਦਾ ਸਮਰਥਨ ਕੀਤਾ।