ਜੋਗਿੰਦਰ ਸਿੰਘ ਮਾਨ
ਮਾਨਸਾ, 16 ਜੂਨ
ਸਫ਼ਾਈ ਸੇਵਕ ਯੂਨੀਅਨ ਮਾਨਸਾ ਨੇ 36ਵੇਂ ਦਿਨ ਵੀ ਸਫ਼ਾਈ ਦਾ ਕੰਮ ਬੰਦ ਰੱਖਦਿਆਂ ਨਗਰ ਕੌਸਲ ਦਫ਼ਤਰ ਅੱਗੇ ਧਰਨਾ ਦਿੱਤਾ।
ਧਰਨਾਕਾਰੀ ਮੰਗ ਕਰ ਰਹੇ ਸਨ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਡੀਏ ਦੀ ਕਿਸ਼ਤ, ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ ਅਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਕਿ ਮੰਗਾਂ ਨਾ ਮੰਨਣ ’ਤੇ 22 ਜੂਨ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਮੁਕੇਸ਼ ਕੁਮਾਰ ਰੱਤੀ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਨਿਗੂਣੀਆਂ ਤਨਖਾਹ ਉੱਤੇ ਕੰਮ ਕਰ ਰਹੇ ਹਨ ਅਤੇ ਸਰਕਾਰ ਉਨ੍ਹਾਂ ਨੂੰ ਰੈਗੂਲਰ ਨਹੀਂ ਰਹੀ ਹੈ। ਉਨ੍ਹਾਂ ਕਿਹਾ ਕਿ ਉਚ ਅਧਿਕਾਰੀਆਂ ਨਾਲ ਵਾਰ-ਵਾਰ ਮੀਟਿੰਗਾਂ ’ਤੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਨੂੰ ਬੂਰ ਨਹੀਂ ਪਿਆ ਹੈ ਅਤੇ ਉਨ੍ਹਾਂ ਨੂੰ ਅੱਕ ਕੇ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ ਹੈ। ਇਸੇ ਦੌਰਾਨ ਸ਼ਹਿਰ ਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਫ਼ਾਈ ਸੇਵਕਾਂ ਦੀਆਂ ਮੰਗਾਂ ਛੇਤੀ ਮੰਨੀਆਂ ਜਾਣ।
ਇਸ ਮੌਕੇ ਪ੍ਰਵੀਨ ਕੁਮਾਰ, ਪਵਨ ਕੁਮਾਰ ਟਾਂਕ, ਰਾਜ ਕੁਮਾਰ, ਸਤਵੀਰ, ਵਿਜੈ ਚੌਹਾਨ, ਸੁਨੀਲ ਕੁਮਾਰ ਨੀਨੂੰ, ਪਵਨ ਕੁਮਾਰ ਚੌਹਾਨ, ਮਨੋਜ ਕੁਮਾਰ, ਰੂਪ ਚੰਦ ਪਰੋਚਾ, ਵਿਨੋਦ ਕੁਮਾਰ, ਸੁਖਦੇਵ ਸਿੰਘ, ਪਵਨ ਕੁਮਾਰ, ਬਲਵਿੰਦਰ ਸਿੰਘ ਬਿੰਦੂ ਨੇ ਵੀ ਸੰਬੋਧਨ ਕੀਤਾ।