ਪੱਤਰ ਪ੍ਰੇਰਕ
ਤਪਾ ਮੰਡੀ, 17 ਅਗਸਤ
ਪੰਜਾਬ ਸਰਕਾਰ ਭਾਵੇਂ ਆਮ ਆਦਮੀ ਕਲੀਨਿਕ ਖੋਲ੍ਹ ਕੇ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਪਹਿਲੀਆਂ ਚੱਲ ਰਹੀਆਂ ਡਿਸਪੈਂਸਰੀਆਂ ’ਚ ਦਵਾਈਆਂ ਦੀ ਭਾਰੀ ਘਾਟ ਹੈ। ਪਿੰਡ ਤਾਜੋਕੇ ਦੇ ਸਰਪੰਚ ਗੁਰਮੀਤ ਸਿੰਘ ਅਤੇ ਜਥੇਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਡਿਸਪੈਂਸਰੀ ’ਚੋਂ ਸਿਰ ਦਰਦ ਤੱਕ ਦੀ ਦਵਾਈ ਨਹੀਂ ਮਿਲਦੀ। ਲਾਗਲੇ ਪਿੰਡਾਂ ਦੇ ਮਰੀਜ਼ ਇਲਾਜ ਲਈ ਇੱਥੇ ਆਉਂਦੇ ਤਾਂ ਹਨ ਪਰ ਮਰੀਜ਼ਾਂ ਨੂੰ ਦਵਾਈ ਬਾਹਰੋਂ ਹੀ ਲਿਖੀ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਹਸਪਤਾਲਾਂ ਅਤੇ ਡਿਸਪੈਂਸਰੀਆਂ ’ਚ ਦਵਾਈਆਂ ਭੇਜੀਆਂ ਜਾਣ। ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਭਾਈ ਘਨ੍ਹੱਈਆ ਜੀ ਕਲੱਬ ਦੇ ਵਾਲੰਟੀਅਰਾਂ ਨੇ ਫੰਡ ਇਕੱਠਾ ਕਰਕੇ ਲੋੜੀਂਦੀਆਂ ਦਵਾਈਆਂ ਲਿਆਂਦੀਆਂ ਹਨ ਤਾਂ ਜੋ ਡਿਸਪੈਂਸਰੀ ਚਾਲੂ ਰਹਿ ਸਕੇ। ਤਾਜੋਕੇ ਡਿਸਪੈਂਸਰੀ ਦੇ ਇੰਚਾਰਜ ਡਾ. ਮੁਨੀਸ਼ ਗਰਗ ਨੇ ਦੱਸਿਆ ਕਿ ਕਰੋਨਾ ਕਾਲ ਵੇਲੇ ਦੀਆਂ ਕੁਝ ਦਵਾਈਆਂ ਬਕਾਇਆ ਪਈਆਂ ਸਨ ਤੇ ਉਨ੍ਹਾਂ ਨਾਲ ਹੀ ਕੰਮ ਚਲਾਇਆ ਜਾਂਦਾ ਸੀ ਪਰ ਹੁਣ ਪਿਛਲੇ ਸਮੇਂ ਤੋਂ ਇੱਥੇ ਦਵਾਈਆਂ ਨਹੀਂ ਆ ਰਹੀਆਂ।