ਲਖਵੀਰ ਸਿੰਘ ਚੀਮਾ
ਟੱਲੇਵਾਲ, 14 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਦੱਸਿਆ ਕਿ ਸਾਲ ਤੋਂ ਸ਼ਾਂਤਮਈ ਚੱਲ ਰਹੇ ਸੰਘਰਸ਼ ਨੂੰ ਫ਼ੇਲ੍ਹ ਕਰਨ ਲਈ ਭਾਜਪਾ ਹਕੂਮਤ ਹਿੰਸਾ ’ਤੇ ਉਤਰ ਆਈ ਹੈ, ਜਿਸਦੀ ਲਖੀਮਪੁਰੀ ਖੀਰੀ ਮਿਸਾਲ ਹੈ। ਲਖੀਮਪੁਰ ਖੀਰੀ ਸਮੇਤ ਸਮੁੱਚੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਣ ਦੇਵਾਂਗੇ। ਕੇਂਦਰ ਸਰਕਾਰ ਦੇ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਏ ਬਿਨ੍ਹਾਂ ਪਿੱਛੇ ਨਹੀਂ ਹਟਾਂਗੇ। ਉਹ ਚੂੰਘਾਂ ਵਿਖੇ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਤੇ ਪੱਤਰਕਾਰ ਦੇ ਸ਼ਰਧਾਂਜਲੀ ਦੇ ਸਮਾਰੋਹ ਵਿੱਚ ਪੁੱਜੇ ਸਨ। ਸੂਬਾ ਪ੍ਰਧਾਨ ਨੇ ਕਿਹਾ ਕਿ ਆਸ਼ੀਸ਼ ਮਿਸ਼ਰਾ ਨੂੰ ਭਾਵੇਂ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪਰ ਉਸ ਦਾ ਪਿਤਾ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੀ ਗ੍ਰਿਫ਼ਤਾਰੀ ਬਾਕੀ ਹੈ। 18 ਅਕਤੂਬਰ ਤੱਕ ਜੇ ਅਜੈ ਮਿਸ਼ਰਾ ਨੂੰ ਭਾਜਪਾ ਸਰਕਾਰ ਨਹੀਂ ਹਟਾਉਂਦੀ ਤਾਂ ਰੇਲ ਰੋਕੋ ਪ੍ਰਦਰਸ਼ਨ ਹੋਣਗੇ। ਕਿਸਾਨ ਅੰਦੋਲਨ ਦੀ ਰੰਜਿਸ਼ ਤਹਿਤ ਹੀ ਕੇਂਦਰੀ ਸਰਕਾਰ ਨੇ ਪੰਜਾਬ ਵਿੱਚ ਬੀਐੱਸਐੱਫ਼ ਦਾ 50 ਕਿਲੋਮੀਟਰ ਤੱਕ ਦਾਇਰਾ ਵਧਾਇਆ ਹੈ, ਜੋ ਸਿੱਧੇ ਤੌਰ ਤੇ ਪੰਜਾਬ ਦੇ ਹੱਕਾਂ ਤੇ ਡਾਕਾ ਹੈ।