ਪੱਤਰ ਪ੍ਰੇਰਕ
ਜ਼ੀਰਾ, 19 ਅਗਸਤ
ਸ਼ਹਿਰ ’ਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਐਕਸਾਈਜ਼ ਵਿਭਾਗ ਤੇ ਪ੍ਰਸ਼ਾਸਨ ਦੀਆਂ ਅੱਖਾਂ ’ਚ ਘੱਟਾ ਪਾ ਕੇ ਸ਼ਰ੍ਹੇਆਮ ਮਿਆਦ ਪੁਗਾ ਚੁੱਕੀਆਂ ਬੀਅਰਾਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਮੁਕੁਲ ਢਾਲਾ ਨੇ ਦੱਸਿਆ ਕਿ ਉਸ ਨੇ ਸ਼ਹਿਰ ’ਚ ਸਥਿਤ ਸ਼ਰਾਬ ਦੇ ਇੱਕ ਠੇਕੇ ਤੋਂ ਹੇਵਾਰਡ-5000 ਦੀਆਂ 3 ਬੀਅਰਾਂ ਖਰੀਦੀਆਂ ਸਨ। ਜਦੋਂ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇੱਕ ਬੀਅਰ ਪੀਤੀ ਤਾਂ ਉਨ੍ਹਾਂ ਨੂੰ ਸੁਆਦ ਖਰਾਬ ਲੱਗਾ ਤੇ ਪੇਟ ’ਚ ਗੜਬੜ ਮਹਿਸੂਸ ਹੋਈ। ਜਦੋਂ ਉਨ੍ਹਾਂ ਬੀਅਰਾਂ ’ਤੇ ਲੱਗੇ ਲੇਬਲਾਂ ’ਤੇ ਤਰੀਕ ਚੈੱਕ ਕੀਤੀ ਤਾਂ ਇਹ 9 ਅਗਸਤ 2020 ਨੂੰ ਸਮਾਪਤ ਹੋ ਚੁੱਕੀ ਸੀ। ਖਪਤਕਾਰ ਨੇ ਦੋਸ਼ ਲਾਇਆ ਕਿ ਜਦੋਂ ਉਹ ਬੀਅਰਾਂ ਬਦਲਣ ਲਈ ਠੇਕੇ ’ਤੇ ਗਿਆ ਤਾਂ ਉੱਥੇ ਹਾਜ਼ਰ ਕਰਿੰਦੇ ਨੇ ਬੋਤਲਾਂ ਬਦਲ ਕੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਉਸ ਨੇ ਇਹ ਮਾਮਲਾ ਖਪਤਕਾਰ ਅਧਿਕਾਰ ਸੰਗਠਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਕੁਲਦੀਪ ਸਿੰਘ ਸਰਾਂ ਦੇ ਨੋਟਿਸ ’ਚ ਲਿਆਂਦਾ। ਕੁਲਦੀਪ ਸਿੰਘ ਸਰਾਂ ਨੇ ਦੱਸਿਆ ਕਿ ਉਨ੍ਹਾਂ ਮਾਮਲਾ ਭਾਵੇਂ ਸਿਹਤ ਵਿਭਾਗ ਤੇ ਪੁਲੀਸ ਦੇ ਨੋਟਿਸ ’ਚ ਲਿਆਂਦਾ ਸੀ ਪਰ ਸ਼ਰਾਬ ਠੇਕੇਦਾਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।
ਇਸ ਸਬੰਧੀ ਸ਼ਰਾਬ ਠੇਕੇਦਾਰ ਜਸਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹੋ ਸਕਦਾ ਹੈ ਕਿ ਪੁਰਾਣੇ ਸਟਾਕ ’ਚ ਕੁਝ ਬੀਅਰਾਂ ਸਬੰਧਤ ਠੇਕੇ ’ਤੇ ਪਈਆਂ ਹੋਣ ਜੋ ਕਰਿੰਦੇ ਨੇ ਦੇ ਦਿੱਤੀਆਂ ਹੋਣ ਪਰ ਅੱਗੇ ਤੋਂ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।