ਇਕਬਾਲ ਸਿੰਘ ਸ਼ਾਂਤ
ਲੰਬੀ, 17 ਜੂਨ
ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗ ਖੇੜਾ ਦੀ ਅੰਗਰੇਜ਼ੀ ਅਧਿਆਪਕਾਂ ਨੇ ਇੱਕ ਇੱਕ ਸਹਿਯੋਗੀ ਪੁਰਸ਼ ਅਧਿਆਪਕ ਅਤੇ ਇੱਕ ਅਸਿਸਟੈਂਟ ’ਤੇ ਕਥਿਤ ਛੇੜਛਾੜ ਦੇ ਦੋਸ਼ ਲਗਾਏ ਹਨ। ਅਧਿਆਪਕਾਂ ਦੀ ਸ਼ਿਕਾਇਤ ’ਤੇ ਲੰਬੀ ਪੁਲੀਸ ਨੇ ਦੋਵਾਂ ਜਣਿਆਂ ਖਿਲਾਫ਼ ਧਾਰਾ 354-ਏ, 509 ਅਤੇ 506 ਤਹਿਤ ਕੇਸ ਦਰਜ ਕੀਤਾ ਹੈ। ਇਹ ਮਾਮਲਾ ਜਨਵਰੀ 2020 ਤੋਂ ਭਖਿਆ ਹੋਇਆ ਹੈ। ਕਰੀਬ 40 ਸਾਲਾ ਅਧਿਆਪਕਾ ਇੱਥੇ 2012 ਤੋਂ ਤਾਇਨਾਤ ਹੈ। ਉਹ ਆਪਣੇ 11 ਸਾਲਾ ਲੜਕੇ ਨਾਲ ਵਿਦਿਆਲਿਆ ਕੈਂਪਸ ‘ਚ ਰਹਿੰਦੀ ਹੈ। ਉਸ ਦਾ ਦੋਸ਼ ਹੈ ਕਿ ਸਕੂਲ ਵਿੱਚ ਇੱਕ ਅਸਿਸਟੈਂਟ ਵੱਲੋਂ ਸਰਕੁੂਲਰਾਂ ਅਤੇ ਰਜਿਸਟਰ ‘ਤੇ ਦਸਤਖ਼ਤ ਕਰਵਾਉਣ ਸਮੇਂ ਹੱਥ ਵਗੈਰਾ ਨੂੰ ਫੜ ਲਿਆ ਜਾਂਦਾ ਸੀ। ਜਦੋਂ ਕਿ ਇੱਕ ਸਹਿਯੋਗੀ ਅਧਿਆਪਕ ’ਤੇ ਵੀ ਉਸਨੇ ਭੱਦੇ ਕੁਮੈਂਟ ਕਰਨ ਦੇ ਦੋਸ਼ ਲਗਾਏ ਹਨ। ਉਸ ਅਨੁਸਾਰ ਦੋਵੇਂ ਜਣੇ ਉਸ ਨੂੰ ਜਾਣ-ਬੁੱਝ ਕੇ ਤੰਗ ਪਰੇਸ਼ਾਨ ਕਰਦੇ ਹਨ। ਉਸਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਲੰਬੀ ਥਾਣੇ ਦੇ ਐਡੀਸ਼ਨਲ ਐਸ.ਐਚ.ਓ. ਗੁਰਵਿੰਦਰ ਕੌਰ ਨੇ ਦੱਸਿਆ ਕਿ ਅਧਿਆਪਕਾ ਦੀ ਸ਼ਿਕਾਇਤ ‘ਤੇ ਅਸਿਸਟੈਂਟ ਅਤੇ ਅਧਿਆਪਕ ਖਿਲਾਫ਼ ਧਾਰਾ 354 ਏ, 509, 506 ਤਹਿਤ ਕੇਸ ਦਰਜ ਕੀਤਾ ਹੈ। ਇਸੇ ਦੌਰਾਨ ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗਖੇੜਾ ਦੇ ਪਿ੍ੰਸੀਪਲ ਐਸ.ਕੇ ਠਾਕੁਰ ਨੇ ਆਖਿਆ ਕਿ ਤਿੰਨੇ ਕਰਮਚਾਰੀ ਕਾਫ਼ੀ ਸਮਝਦਾਰ ਅਤੇ ਸਲੀਕੇਦਾਰ ਹਨ। ਇਸ ਮਾਮਲੇ ’ਚ ਅਜਿਹੇ ਮੰਦਭਾਗੇ ਹਾਲਾਤ ਸਮਝ ਤੋਂ ਪਰੇ ਹਨ।