ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 19 ਨਵੰਬਰ
ਖਾਲਸਾ ਕਾਲਜ ਆਫ਼ ਐਜੂਕੇਸ਼ਨ ਅੰਮ੍ਰਿਤਸਰ ਵੱਲੋਂ ਪੰਜਾਬ ਪੱਧਰ ’ਤੇ ਹਰ ਸਾਲ ਕਰਵਾਏ ਜਾਂਦੇ ‘ਟੀਚਰ ਆਫ਼ ਦਿ ਈਅਰ ਆਫ਼ ਪੰਜਾਬ 2023’ ਨੂੰ ਇਸ ਵਾਰ ਬਠਿੰਡਾ ਜ਼ਿਲ੍ਹੇ ਦੇ ਪ੍ਰਾਇਮਰੀ ਅਧਿਆਪਕ ਰਾਜਿੰਦਰ ਸਿੰਘ ਨੇ ਜਿੱਤ ਕੇੇ ਜ਼ਿਲ੍ਹੇ ਦੇੇ ਨਾਲ-ਨਾਲ ਪੂਰੇ ਮਾਲਵੇੇ ਦਾ ਨਾਮ ਦੂਸਰੀ ਵਾਰ ਚਮਕਾਇਆ ਹੈ। ਜ਼ਿਕਰਯੋਗ ਹੈ ਕਿ ਅਧਿਆਪਕ ਰਾਜਿੰਦਰ ਸਿੰਘ ਨੂੰ ਇਸੇੇ ਸਾਲ ਰਾਸ਼ਟਰੀ ਅਧਿਆਪਕ ਸਨਮਾਨ ਹਾਸਲ ਹੋਇਆ ਹੈ। ਤਾਜ਼ਾ ਐਵਾਰਡ ਖਾਲਸਾ ਕਾਲਜ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਅੰਮ੍ਰਿਤਸਰ ਵਿਚ ਕਰਵਾਏ ਗਏ ਸ਼ਾਨਦਾਰ ਸਮਾਗਮ ਦੌਰਾਨ ਅਧਿਆਪਕ ਰਾਜਿੰਦਰ ਸਿੰਘ ਨੂੰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਖਾਲਸਾ ਕਾਲਜ ਵੱਲੋ ਸਿੱਖਿਆ ਦੇ ਖੇਤਰ ਵਿੱਚ ਵਧੀਆ ਭੂਮਿਕਾ ਨਿਭਾਉਣ ਵਾਲੇ ਪੰਜਾਬ ਭਰ ਦੇ ਅਧਿਆਪਕਾਂ ਤੋਂ ਅਪਲਾਈ ਅਰਜ਼ੀਆਂ ਵਿੱਚੋਂ ‘ਟੀਚਰ ਆਫ਼ ਦਿ ਈਅਰ ਐਵਾਰਡ’ ਲਈ 10 ਵਧੀਆ ਪ੍ਰਾਪਤੀਆਂ ਵਾਲੇ ਅਧਿਆਪਕ/ਅਧਿਆਪਕਾਵਾਂ ਨੂੰ ਸ਼ਾਰਟ ਲਿਸਟਡ ਕੀਤਾ ਗਿਆ ਸੀ। ਰਾਜਿੰਦਰ ਸਿੰਘ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪਾਏੇ ਮਿਸਾਲੀ ਯੋਗਦਾਨ ਸਦਕਾ ਇਸ ਐਵਾਰਡ ਦੇ ਰੂਪ ’ਚ ਇੱਕ ਲੱਖ ਰੁਪਏ ਦਾ ਇਨਾਮ ਜਿੱਤ ਕੇ ਬਠਿੰਡਾ ਜ਼ਿਲ੍ਹੇ ਦੀ ਝੋਲੀ ਪਾਇਆ ਹੈ। ਦੱਸ ਦੇੇਈਏ ਕਿ ਅਧਿਆਪਕ ਰਾਜਿੰਦਰ ਸਿੰਘ ਸਿੱਖਿਅਕ ਬਲਾਕ ਗੋਨਿਆਣਾ ਮੰਡੀ ਦੇੇ ਪਿੰਡ ਕੋਠੇ ਇੰਦਰ ਸਿੰਘ ਵਾਲਾ ’ਚ ਪਿਛਲੇ 9 ਸਾਲਾਂ ਤੋਂ ਸੇਵਾ ਨਿਭਾਅ ਰਹੇ ਹਨ। ਰਾਜਿੰਦਰ ਸਿੰਘ ਨੇ ਆਪਣੀ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਨੂੰ ਸਮਾਜ ਸੇਵਾ ਦੇ ਕੰਮਾਂ ਅਤੇ ਵਿਦਿਆਰਥੀਆਂ ਦੀ ਸਿੱਖਿਆ ਨੂੰ ਅੱਗੇ ਲਿਜਾਣ ਲਈ ਖਰਚਣ ਦਾ ਅਹਿਮ ਐਲਾਨ ਕਰ ਦਿੱਤਾ ਹੈ।