ਰਵਿੰਦਰ ਰਵੀ
ਬਰਨਾਲਾ 5 ਸਤੰਬਰ
ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਅਧਿਆਪਕ ਦਿਵਸ ’ਤੇ ਸਕੂਲ ਅਧਿਆਪਕਾਂ ਨੂੰ ਦਿੱਤਾ ਜਾਣ ਵਾਲਾ ਸਨਮਾਨ ਚਹੇਤਿਆਂ ਦਾ ਸਨਮਾਨ ਬਣ ਕੇ ਰਹਿ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਦੀ ਸੂਚੀ ’ਤੇ ਸਰਸਰੀ ਨਜ਼ਰ ਵਿਚ ਹੀ ਚਹੇਤਿਆਂ ਦੀ ਵੱਡੀ ਗਿਣਤੀ ਸਪੱਸ਼ਟ ਦਿਖਾਈ ਦੇ ਰਹੀ ਹੈ। ਹਾਲਾਂਕਿ ਸੂਚੀ ਵਿੱਚ ਕੁੱਝ ਮਿਹਨਤੀ ਅਧਿਆਪਕਾਂ ਦੇ ਨਾਂ ਪਾ ਕੇ ਇਸ ਨੂੰ ਸਾਰਥਕ ਕਰਨ ਦਾ ਯਤਨ ਵੀ ਕੀਤਾ ਗਿਆ ਹੈ। ਦਿਲਸਚਪ ਗੱਲ ਇਹ ਹੈ ਕਿ ਇਸ ਸੂਚੀ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਥਾਂ ਜ਼ਿਲ੍ਹਾ ਸਿੱਖਿਆ ਦਫ਼ਤਰ ਵਿੱਚ ਵੱਖ ਵੱਖ ਕਾਰਜਾਂ ਲਈ ਡੈਪੂਟੇਸ਼ਨ ’ਤੇ ਗਏ ਲਗਭਗ ਸਾਰੇ ਅਧਿਆਪਕਾਂ ਦਾ ਸਨਮਾਨ ਕਰ ਕੇ ਅਧਿਆਪਨ ਕਿੱਤੇ ਨਾਲ ਵੀ ਨਾ-ਇਨਸਾਫ਼ੀ ਕੀਤੀ ਗਈ ਹੈ। ਸੂਚੀ ਵਿੱਚ ਕੁੱਝ ਸਕੂਲ ਮੁਖੀ/ਅਧਿਆਪਕ ਅਜਿਹੇ ਹਨ ਜਿਨ੍ਹਾਂ ’ਤੇ ਪਿਛਲੇ ਦਿਨਾਂ ਵਿੱਚ ਕਈ ਗੰਭੀਰ ਦੋਸ਼ ਵੀ ਲੱਗ ਚੁੱਕੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਅਧਿਆਪਕਾਂ ਦੀ ਚੋਣ ਲਈ ਕੋਈ ਚੋਣ ਕਮੇਟੀ ਵੀ ਨਹੀਂ ਬਣਾਈ ਗਈ। ਆਪਣੀ ਪਸੰਦ ਅਤੇ ਨਾ-ਪਸੰਦ ਨੂੰ ਤਰਜੀਹ ’ਤੇ ਰੱਖਿਆ ਗਿਆ।
ਅਧਿਆਪਕ ਦਲ ਪੰਜਾਬ (ਜਹਾਂਗੀਰ) ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਦਾ ਸਨਮਾਨ ਨਾ ਕਰਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਚਾਪਲੂਸੀ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਅਤੇ ਜ਼ਿਲ੍ਹਾ ਪੱਧਰ ’ਤੇ ਜਿਹੜੇ ਸਨਮਾਨਿਤ ਹੋਣੋਂ ਰਹਿ ਗਏ ਹਨ, ਉਨ੍ਹਾਂ ਸਾਰਿਆਂ ਦਾ ਵੇਰਵਾ ਅਤੇ ਕਾਰਗੁਜ਼ਾਰੀ ਜਨਤਕ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਚੀ ਤਿਆਰ ਕਰਨ ਵਾਲੀ ਕਮੇਟੀ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਨੇ ਕਿਹਾ ਕਿ ਸੂਬਾ ਪੱਧਰੀ ਸਨਮਾਨਿਤ ਅਧਿਆਪਕਾਂ ਦੀ ਚੋਣ ਪੰਜਾਬ ਸਿੱਖਿਆ ਵਿਭਾਗ ਵੱਲੋਂ ਅਤੇ ਜ਼ਿਲ੍ਹਾ ਪੱਧਰੀ ਸਨਮਾਨਿਤ ਅਧਿਆਪਕਾਂ ਦੀ ਚੋਣ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਗਈ ਹੈ। ਉਨ੍ਹਾਂ ਪੰਜ ਮੈਂਬਰੀ ਕਮੇਟੀ ਦਾ ਨਾਮ ਦੱਸਣ ਤੋਂ ਗੁਰੇਜ਼ ਕਰਦਿਆਂ ਫੋਨ ਹੀ ਬੰਦ ਕਰ ਲਿਆ।
ਰਾਜਿੰਦਰ ਕੁਮਾਰ ਦਾ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨ
ਫ਼ਰੀਦਕੋਟ (ਜਸਵੰਤ ਜੱਸ): ਕੋਵਿਡ ਮਹਾਮਾਰੀ ਕਾਰਨ ਅਧਿਆਪਕ ਦਿਵਸ ’ਤੇ ਆਨਲਾਈਨ ਵਰਚੂਅਲ ਸਮਾਗਮ ਰਾਹੀਂ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਰਾਹੀਂ ਅਧਿਆਪਕ ਰਾਜਿੰਦਰ ਕੁਮਾਰ ਨੂੰ ਕੌਮੀ ਅਧਿਆਪਕ ਐਵਾਰਡ ਦਿੱਤਾ ਗਿਆ, ਜਿਸ ਵਿੱਚ ਇਕ ਮੈਡਲ ਅਤੇ ਸਰਟੀਫਿਕੇਟ ਸ਼ਾਮਲ ਹੈ। ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਰਾਜਿੰਦਰ ਕੁਮਾਰ ਨੇ ਪੂਰੇ ਭਾਰਤ ਵਿਚ ਪੰਜਾਬ ਅਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ।
ਅਧਿਆਪਕਾਂ ਨੂੰ ਆਨਲਾਈਨ ਸਟੇਟ ਐਵਾਰਡਾਂ ਨਾਲ ਨਿਵਾਜਿਆ
ਮਾਨਸਾ (ਜੋਗਿੰਦਰ ਸਿੰਘ ਮਾਨ): ਅਧਿਆਪਕ ਦਿਵਸ ਮੌਕੇ ਰਾਜ ਪੁਰਸਕਾਰ ਵੰਡ ਸਮਾਗਮ ਦੌਰਾਨ ਸੂਬੇ ਦੇ ਅਧਿਆਪਕਾਂ ਨੂੰ ਆਨਲਾਈਨ ਸਟੇਟ ਐਵਾਰਡ ਦਿੱਤੇ ਗਏ, ਜਿਨ੍ਹਾਂ ਵਿੱਚ ਮਾਨਸਾ ਜ਼ਿਲ੍ਹੇ ਦੇ 4 ਅਧਿਆਪਕ ਬਲਜਿੰਦਰ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਅਤਲਾ ਕਲਾਂ, ਬਲਵਿੰਦਰ ਸਿੰਘ ਪੰਜਾਬੀ ਮਾਸਟਰ ਸ਼ਹੀਦ ਜਗਸੀਰ ਸਿੰਘ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਬੋਹਾ, ਡਾ. ਸ਼ੁਸ਼ੀਲ ਕੁਮਾਰ ਲੈਕਚਰ (ਅਰਥਸ਼ਾਸਤਰ) ਸਰਕਾਰੀ ਗਰਲਜ਼ ਸੈਕੰਡਰੀ ਸਕੂਲ ਮਾਨਸਾ ਅਤੇ ਪਹਿਲੀ ਵਾਰ ਦਿੱਤੇ ਜਾਣ ਵਾਲੇ ਯੁਵਾ ਪੁਰਸਕਾਰ ਪ੍ਰਾਪਤ ਕਰਨ ਵਾਲੀ ਸਰਕਾਰੀ ਪ੍ਰਾਇਮਰੀ ਸਕੂਲ ਝੇਰਿਆਂਵਾਲੀ ਦੀ ਈਟੀਟੀ ਅਧਿਆਪਕਾ ਮਨਪ੍ਰੀਤ ਕੌਰ ਸ਼ਾਮਲ ਸੀ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੰਜਾਬ ਦੇ ਸਟੇਟ ਐਵਾਰਡੀ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸਿੱਖਿਆ ਖੇਤਰ ਵਿੱਚ ਵਿਲੱਖਣ ਕਾਰਜਾਂ ਨਾਲ ਹੋਰਨਾਂ ਅਧਿਆਪਕਾਂ ਲਈ ਪ੍ਰੇਰਨਾ ਬਣੇ।