ਪੱਤਰ ਪ੍ਰੇਰਕ
ਟੱਲੇਵਾਲ, 4 ਸਤੰਬਰ
5 ਸਤੰਬਰ ਨੂੰ ਦੁਨੀਆਂ ਭਰ ਵਿੱਚ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਵਸ ਮੌਕੇ ਉਨ੍ਹਾਂ ਅਧਿਆਪਕਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ, ਜਿਨ੍ਹਾਂ ਦੀ ਬਦੌਲਤ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਨਿੱਜੀ ਸਕੂਲਾਂ ਵਾਂਗ ਸਹੂਲਤਾਂ ਦਾ ਆਨੰਦ ਮਾਨਣ ਨੂੰ ਮਿਲ ਰਿਹਾ ਹੈ।
ਪੰਜਾਬ ਭਰ ’ਚੋਂ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਨੂੰ ਪਹਿਲੇ ਸਮਾਰਟ ਸਕੂਲ ਦਾ ਦਰਜਾ ਮਿਲਿਆ ਹੈ। ਇਸ ਲਈ ਸਕੁਲ ਦੇ ਮੁੱਖ ਅਧਿਆਪਕ ਹਰਪ੍ਰੀਤ ਸਿੰਘ ਦੀਵਾਨਾ ਵਲੋਂ ਦਾਨੀਆਂ ਅਤੇ ਐਨਆਰਆਈਜ਼ ਨੂੰ ਪ੍ਰੇਰਿਤ ਕਰਕੇ ਸਕੂਲ ਦੀ ਦਿੱਖ ਬਦਲੀ ਗਈ। ਸਰਕਾਰੀ ਪ੍ਰਾਇਮਰੀ ਸਕੂਲ ਗਹਿਲ ਵਿੱਚ ਪੜ੍ਹਾਈ ਦਾ ਪੱਧਰ ਉਪਰ ਚੁੱਕਣ ਅਤੇ ਸਕੂਲ ਦੀ ਦਿੱਖ ਸੰਵਾਰਨ ਵਿੱਚ ਮੁੱਖ ਅਧਿਆਪਕ ਬੇਅੰਤ ਸਿੰਘ ਗਹਿਲ ਦਾ ਯੋਗਦਾਨ ਰਿਹਾ ਹੈ। ਪਿੰਡ ਭੋਤਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਨੁਹਾਰ ਬਦਲਣ ਲਈ ਅਧਿਆਪਕ ਗੁਰਪ੍ਰੀਤ ਸਿੰਘ ਭੋਤਨਾ ਨੇ ਵੱਡਾ ਫ਼ਰਜ਼ ਅਦਾ ਕੀਤਾ ਹੈ। ਸਰਕਾਰੀ ਹਾਈ ਸਕੂਲ ਛੀਨੀਵਾਲ ਖ਼ੁਰਦ ਦੀ ਇੰਚਾਰਜ ਮਨਪ੍ਰੀਤ ਕੌਰ ਦੀਵਾਨਾ ਸਕੂਲ ਨੇ ਆਪਣੀ ਤਨਖ਼ਾਹ ’ਚੋਂ 50 ਹਜ਼ਾਰ ਰੁਪਏ ਖ਼ਰਚ ਕਰਕੇ ਮੈਥ ਲੈਬ ਬਣਵਾਈ।