ਪੱਤਰ ਪ੍ਰੇਰਕ
ਮਾਨਸਾ, 20 ਸਤੰਬਰ
ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦ ਵਿੱਚ ਬਣੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ’ਚ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਅਗਵਾਈ ਵਿੱਚ ਕਾਲਜ ਦੇ ਐੱਚਈਆਈਐੱਸ ਵਿਭਾਗ (ਹਾਇਰ ਐਜੂਕੇਸ਼ਨ ਸੁਸਾਇਟੀ) ਨੂੰ ਬੰਦ ਹੋਣ ਨੂੰ ਰੋਕਣ ਲਈ ਪ੍ਰਿੰਸੀਪਲ ਦਫ਼ਤਰ ਦੇ ਗੇਟ ਅੱਗੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ ਨੇ ਕਿਹਾ ਕਿ ਪਿਛਲੇ ਦਿਨੀਂ ਜਥੇਬੰਦੀ ਵੱਲੋਂ ਸੰਘਰਸ਼ ਕਰਕੇ ਐੱਸਸੀ ਵਿਦਿਆਰਥੀਆਂ ਤੋਂ ਕਾਲਜ ਪ੍ਰਸ਼ਾਸਨ ਵੱਲੋਂ ਜ਼ਬਰਦਸਤੀ ਪੀਟੀਏ ਫੰਡ ਵਸੂਲਣ ਖਿਲਾਫ਼ ਰੋਸ ਪ੍ਰਦਰਸ਼ਨ ਕਰਕੇ ਮਸਲਾ ਹੱਲ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਕਾਲਜ ਪ੍ਰਸ਼ਾਸਨ ਨੇ ਐੱਚਈਆਈਐੱਸ ਡਿਪਾਰਟਮੈਂਟ ਬੰਦ ਦੀ ਕੋਝੀ ਚਾਲ ਚੱਲੀ ਹੈ, ਕਿਉਂਕਿ ਇਸ ਵਿਭਾਗ ਵਿੱਚ ਜ਼ਿਆਦਾ ਗਿਣਤੀ ਵਿੱਚ ਦਲਿਤ ਵਿਦਿਆਰਥੀ ਹਨ। ਉਨ੍ਹਾਂ ਕਿਹਾ ਕਿ ਕਾਲਜ ਪ੍ਰਸ਼ਾਸਨ ਵੱਲੋਂ ਐੱਚਈਆਈਐੱਸ ਵਿਦਿਆਰਥੀ ਨੂੰ ਫੋਨ ਕਰਕੇ ਕਿਸੇ ਹੋਰ ਕਾਲਜ ਵਿੱਚ ਦਾਖ਼ਲਾ ਲੈਣ ਲਈ ਕਿਹਾ ਜਾ ਰਿਹਾ ਹੈ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਕਾਲਜ ਪ੍ਰਸ਼ਾਸਨ ਦਲਿਤ ਵਿਦਿਆਰਥੀ ਦੇ ਜ਼ਿਆਦਾ ਹੋਣ ਕਾਰਨ ਕੋਰਸ ਬੰਦ ਕਰਕੇ ਦਲਿਤ ਵਿਦਿਆਰਥੀਆਂ ਤੋਂ ਉਨ੍ਹਾਂ ਦੀ ਸਿੱਖਿਆ ਦਾ ਹੱਕ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲਜ ਪ੍ਰਸ਼ਾਸਨ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਕਦੇ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਵਿਦਿਆਰਥੀ ਦੇ ਫੀਸ ਭਰਵਾਉਣ ਸਬੰਧੀ ਚਲਾਨ ਕਢਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਧਰਨੇ ਦੌਰਾਨ ਹੀ ਕਾਲਜ ਪ੍ਰਸ਼ਾਸਨ ਨੇ ਵਿਦਿਆਰਥੀ ਆਗੂਆਂ ਅਤੇ ਐੱਚਈਆਈਐੱਸ ਡਿਪਾਰਟਮੈਂਟ ਨੂੰ ਮੀਟਿੰਗ ਲਈ ਬੁਲਾਇਆ। ਕਾਲਜ ਐੱਚਈਆਈਐੱਸ ਵਿਭਾਗ ਦੇ ਪ੍ਰੋ. ਪ੍ਰਿਆ ਗੁਪਤਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਮਸਲਾ ਹੱਲ ਨਹੀਂ ਹੋਇਆ। ਇਸ ਸਮੇਂ ਵਿਦਿਆਰਥੀ ਆਗੂ ਪ੍ਰਦੀਪ ਗੁਰੂ ਨੇ ਕਿਹਾ ਕਿ ਕਾਲਜ ਦੇ ਕੰਪਿਊਟਰ ਵਿਭਾਗ ਨੂੰ ਚਾਲੂ ਕਰਵਾ ਕੇ ਆਪਣੀ ਮੰਗਾਂ ਮਨਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਨੰਦਗੜ੍ਹ, ਪ੍ਰੋ. ਅਮਨਦੀਪ, ਪ੍ਰੋ. ਚਰਨਜੀਤ ਕੌਰ, ਪ੍ਰੋ. ਗਗਨਦੀਪ ਕੁਮਾਰ, ਪ੍ਰੋ. ਨੀਤੂ ਮਿੱਤਲ ਨੇ ਵੀ ਸੰਬੋਧਨ ਕੀਤਾ।