ਪੱਤਰ ਪ੍ਰੇਰਕ
ਮਹਿਲ ਕਲਾਂ, 15 ਨਵੰਬਰ
ਇੱਕ ਪਾਸੇ ਹਰ ਦਿਨ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਸਰਕਾਰ ਵੱਲੋਂ ਫੰਡ ਮੁਹੱਈਆ ਨਾ ਕਰਵਾਉਣ ਕਾਰਨ ਸਰਕਾਰੀ ਸਕੂਲਾਂ ਵਿੱਚ ਦੁਪਹਿਰ ਦੇ ਖਾਣੇ ਦੀ ਮਿੱਡ-ਡੇਅ ਮੀਲ ਸਕੀਮ ਬੰਦ ਹੋਣ ਦੇ ਕਗਾਰ ’ਤੇ ਪਹੁੰਚ ਗਈ ਹੈ। ਵਧੇਰੇ ਅਧਿਆਪਕ ਪੱਲਿਓਂ ਪੈਸੇ ਖਰਚ ਕੇ ਇਸ ਸਕੀਮ ਨੂੰ ਚਲਾ ਰਹੇ ਹਨ ਤੇ ਕੁੱਝ ਦੁਕਾਨਦਾਰਾਂ ਨੇ ਬਕਾਇਆ ਖੜ੍ਹਾ ਹੋਣ ਕਾਰਨ ਹੋਰ ਉਧਾਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਦੀ ਇਸ ਡੰਗ ਟਪਾਊ ਨੀਤੀ ਖ਼ਿਲਾਫ਼ ਹੁਣ ਅਧਿਆਪਕਾਂ ਨੇ ਸੰਘਰਸ਼ ਕਰਨ ਲਈ ਵਿਚਾਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਛਨ। ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਬਲਾਕ ਪ੍ਰਧਾਨ ਮਾਲਵਿੰਦਰ ਸਿੰਘ ਅਤੇ ਸਕੱਤਰ ਰਘਵੀਰ ਕਰਮਗੜ੍ਹ ਨੇ ਦੱਸਿਆ ਕਿ ਸਰਕਾਰ ਵੱਲੋਂ ਜੁਲਾਈ ਮਹੀਨੇ ਦੇ ਅੱਧ ਵਿੱਚ ਇਸ ਸਕੀਮ ਲਈ ਫੰਡ ਮੁਹੱਈਆ ਕਰਵਾਏ ਗਏ ਸਨ ਪਰ ਉਸ ਤੋਂ ਬਾਅਦ ਕੋਈ ਵੀ ਫੰਡ ਸਕੂਲਾਂ ਨੂੰ ਨਹੀਂ ਭੇਜੇ ਗਏ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਦੁਪਹਿਰ ਦੇ ਭੋਜਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਧਿਆਪਕ ਇਸ ਸਕੀਮ ਨੂੰ ਆਪਣੀਆਂ ਜੇਬਾਂ ਵਿਚੋਂ ਪੈਸਾ ਖਰਚ ਕੇ ਚਲਾ ਰਹੇ ਹਨ ਪਰ ਪਿਛਲੇ ਚਾਰ ਮਹੀਨਿਆਂ ਤੋਂ ਮਿਡ-ਡੇਅ ਮੀਲ ਦੇ ਇੰਚਾਰਜਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਆਪਕ ਆਗੂ ਬਲਜਿੰਦਰ ਪ੍ਰਭੂ ਅਤੇ ਨਿਰਮਲ ਸਿੰਘ ਚੁਹਾਣਕੇ ਨੇ ਦੱਸਿਆ ਕਿ ਕਲਾਲ ਮਾਜਰਾ ਸਕੂਲ 51,368 ਰੁਪਏ, ਮੂੰਮ ਸਕੂਲ 53,102 ਰੁਪਏ, ਚੰਨਣਵਾਲ 47,857 ਰੁਪਏ, ਰਾਏਸਰ (ਪੰਜਾਬ) 27,532 ਰੁਪਏ, ਛਾਪਾ 63,606 ਰੁਪਏ, ਮਹਿਲ ਕਲਾਂ 62,659 , ਹਮੀਦੀ 45,742, ਭੱਦਲਵੱਡ 35,911, ਛੀਨੀਵਾਲ ਕਲਾਂ 53,149, ਕਰਮਗੜ੍ਹ 66,652 ਰੁਪਏ ਦਾ ਸਮਾਨ ਉਧਾਰ ਦੁਕਾਨਾਂ ਤੋਂ ਖਰੀਦ ਚੁੱਕੇ ਹਨ। ਅਧਿਆਪਕ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਕੂਲਾਂ ਨੂੰ ਮਿਡ-ਡੇਅ ਮੀਲ ਸਕੀਮ ਲਈ ਤੁਰੰਤ ਫੰਡ ਜਾਰੀ ਕੀਤੇ ਜਾਣ।
ਪਿੱਛੋਂ ਫੰਡ ਨਹੀਂ ਆ ਰਹੇ: ਜ਼ਿਲ੍ਹਾ ਸਿੱਖਿਆ ਅਫ਼ਸਰ
ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਕੁਲਵਿੰਦਰ ਸਿੰਘ ਨੇ ਕਿਹਾ ਕਿ ਮਿੱਡ-ਡੇਅ ਮੀਲ ਸਬੰਧੀ ਫੰਡ ਪਿੱਛੋਂ ਨਹੀਂ ਆ ਰਹੇ ਹਨ, ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਫੰਡ ਕਦ ਤੋਂ ਨਹੀਂ ਆ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਭਲਕੇ ਰਿਕਾਰਡ ਚੈੱਕ ਕਰਕੇ ਦੱਸ ਸਕਦੇ ਹਨ। ਦੂਜੇ ਪਾਸੇ ਅਧਿਆਪਕ ਆਗੂ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਕਿ ਜੁਲਾਈ ਮਹੀਨੇ ਤੋਂ ਬਾਅਦ ਉਹ ਪੱਲਿਓਂ ਪੈਸੇ ਖਰਚ ਕੇ ਇਸ ਸਕੀਮ ਨੂੰ ਚਲਾ ਰਹੇ ਹਨ।