ਪੱਤਰ ਪ੍ਰੇਰਕ
ਟੱਲੇਵਾਲ, 9 ਜੂਨ
ਪੰਜਾਬ ਕਾਂਗਰਸ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਪਏ ਕਾਟੋ ਕਲੇਸ਼ ਦਾ ਅਸਰ ਪਿੰਡਾਂ ਤੱਕ ਪਹੁੰਚ ਗਿਆ ਹੈ। ਕੈਪਟਨ ਹਮਾਇਤੀਆਂ ਵਲੋਂ ਜਿੱਥੇ ਸੂਬੇ ਦੇ ਵੱਖ ਵੱਖ ਸ਼ਹਿਰਾਂ ਵਿੱਚ ‘ਕੈਪਟਨ ਇੱਕ ਹੀ ਹੁੰਦਾ’ ਨਾਮ ਦੇ ਬੈਨਰ ਲਗਾਏ ਜਾ ਰਹੇ ਹਨ, ਉਹ ਮੁਹਿੰਮ ਹੁਣ ਬਰਨਾਲਾ ਜ਼ਿਲੇ ਵਿੱਚ ਦਸਤਕ ਦੇ ਚੁੱਕੀ ਹੈ। ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡਾਂ ਵਿੱਚ ਇੱਕ ਕਾਂਗਰਸੀ ਆਗੂ ਵਲੋਂ ਇਸ ਲੋਗੋ ਤਹਿਤ ਪਿੰਡਾਂ ਦੀਆਂ ਜਨਤਕ ਥਾਵਾਂ ’ਤੇ ਬੈਨਰ ਲਗਾਏ ਗਏ ਹਨ। ਮਹਿਲ ਹਲਕੇ ਤੋਂ ਕਾਂਗਰਸ ਪਾਰਟੀ ਲਈ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਯੂਥ ਕਾਂਗਰਸੀ ਆਗੂ ਗੁਰਦੀਪ ਸਿੰਘ ਦੀਵਾਨਾ ਵਲੋਂ ਇਹ ਬੈਨਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਉਸ ਨੇ ਹਲਕਾ ਮਹਿਲ ਕਲਾਂ ਵਿੱਚ ਅਜਿਹੇ ਸੱਤ ਬੈਨਰ ਪਿੰਡ ਚੀਮਾ, ਟੱਲੇਵਾਲ, ਛੀਨੀਵਾਲ ਕਲਾਂ, ਸ਼ੇਰਪੁਰ ਅਤੇ ਮਹਿਲ ਕਲਾਂ ਵਿਖੇ ਲਗਾਏ ਹਨ। ਇਸ ਦਾ ਕਾਰਨ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਆਪਣਾ ਕੈਪਟਨ ਮੰਨਦੇ ਹਨ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਹੀ ਪਾਰਟੀ ਪੰਜਾਬ ’ਚ ਚੱਲ ਰਹੀ ਹੈ ਅਤੇ ਚੱਲਦੀ ਰਹੇਗੀ। ਆਉਣ ਵਾਲੇ ਦਿਨਾਂ ਵਿੱਚ ਇਹ ਮੁਹਿੰਮ ਹੋਰ ਵੀ ਵਧਾਈ ਜਾਵੇਗੀ।