ਜਸਵੰਤ ਜੱਸ
ਫ਼ਰੀਦਕੋਟ, 11 ਮਾਰਚ
ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਸਟਾਰ ਪ੍ਰਚਾਰਕ ਵੀ ਨਹੀਂ ਜਿਤਾ ਸਕੇ। ਭਾਜਪਾ ਦੇ ਫ਼ਰੀਦਕੋਟ ਤੋਂ ਉਮੀਦਵਾਰ ਗੌਰਵ ਕੱਕੜ ਦੇ ਚੋਣ ਪ੍ਰਚਾਰ ਲਈ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਆਏ ਸਨ ਤੇ ਉਨ੍ਹਾਂ ਨੇ ਗੌਰਵ ਕੱਕੜ ਦੇ ਹੱਕ ’ਚ ਚੋਣ ਰੈਲੀਆਂ ਕੀਤੀਆਂ ਪਰ ਗੌਰਵ ਕੱਕੜ ਨੂੰ 2,385 ਵੋਟਾਂ ਹੀ ਮਿਲੀਆਂ ਤੇ ਭਾਜਪਾ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕਿਆ। ਇਸੇ ਤਰ੍ਹਾਂ ਕੋਟਕਪੂਰਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਦੁਰਗੇਸ਼ ਸ਼ਰਮਾ ਨੂੰ ਵੀ ਮਹਿਜ਼ 1,045 ਵੋਟਾਂ ਪਈਆਂ ਤੇ ਉਨ੍ਹਾਂ ਦੀ ਵੀ ਜ਼ਮਾਨਤ ਜ਼ਬਤ ਹੋ ਗਈ। ਇਸ ਤੋਂ ਪਹਿਲਾਂ ਜੈਤੋਂ ਤੋਂ ਅਕਾਲੀ ਦਲ ਦੇ ਉਮੀਦਵਾਰ ਸੂਬਾ ਸਿੰਘ ਬਾਦਲ ਵੀ ਧੂੰਆਂ ਧਾਰ ਪ੍ਰਚਾਰ ਤੋਂ ਬਾਅਦ ਆਪਣੀ ਚੋਣ ਹਾਰ ਗਏ ਹਨ। ਇਸ ਉਮੀਦਵਾਰ ਲਈ ਵੀ ਰਾਜਨਾਥ ਸਿੰਘ ਨੇ ਚੋਣ ਪ੍ਰਚਾਰ ਕੀਤਾ ਸੀ। ਕੋਟਕਪੂਰਾ ਤੋਂ ਕਾਂਗਰਸ ਉਮੀਦਵਾਰ ਅਜੈਪਾਲ ਸਿੰਘ ਸੰਧੂ ਦੇ ਹੱਕ ’ਚ ਕੁੱਲ ਹਿੰਦ ਕਾਂਗਰਸ ਦੀ ਜਨਰਲ ਸਕੱਤਰ ਤੇ ਪ੍ਰਚਾਰਕ ਪ੍ਰਿਅੰਕਾ ਗਾਂਧੀ ਨੇ ਚੋਣ ਰੈਲੀ ਕੀਤੀ ਸੀ ਪਰ ਇਹ ਰੈਲੀ ਕਾਂਗਰਸ ਉਮੀਦਵਾਰ ਨੂੰ ਜਿੱਤ ਨਹੀਂ ਦਿਵਾ ਸਕੀ। ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫ਼ਰੀਦਕੋਟ, ਕੋਟਕਪੂਰਾ ਤੇ ਜੈਤੋ ਵਿਧਾਨ ਸਭਾ ਹਲਕਿਆਂ ’ਚ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ 9 ਰੈਲੀਆਂ ਕੀਤੀਆਂ ਪਰ ਤਿੰਨਾਂ ਹਲਕਿਆਂ ’ਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕੋਈ ਸਫ਼ਲਤਾ ਨਹੀਂ ਮਿਲੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਜੈਤੋ, ਕੋਟਕਪੂਰਾ ਤੇ ਫਰੀਦਕੋਟ ’ਚ ਆਪਣੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ, ਪਰ ਤਿੰਨੇ ਹਲਕਿਆਂ ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਤੀਜੇ ਸਥਾਨ ’ਤੇ ਰਹੇ। ਹਾਲਾਂਕਿ ਚੋਣਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਵੀ ਉਮੀਦਵਾਰ ਦੇ ਹੱਕ ’ਚ ਚੋਣ ਪ੍ਰਚਾਰ ਨਹੀਂ ਕੀਤਾ।