ਪੱਤਰ ਪ੍ਰੇਰਕ
ਭਾਈਰੂਪਾ, 5 ਜਨਵਰੀ
‘ਜ਼ਮੀਨ ਬਚਾਓ, ਸੜਕ ਹਟਾਓ’ ਸੰਘਰਸ਼ ਕਮੇਟੀ ਜ਼ਿਲ੍ਹਾ ਬਠਿੰਡਾ ਦੇ ਸੱਦੇ ’ਤੇ ਅੱਜ ਸੇਲਬਰਾਹ ਵਿਖੇ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਛੇ ਮਾਰਗੀ ਨੈਸ਼ਨਲ ਹਾਈਵੇ ਐੱਨਐੱਚ 754-ਏ ਦੇ ਸਰਵੇਖਣ ਲਈ ਲਗਾਏ ਗਏ ਪੱਥਰ ਪੁੱਟ ਕੇ ਰੋਸ ਜਤਾਉਂਦਿਆਂ ਨਾਅਰੇਬਾਜ਼ੀ ਕੀਤੀ ਗਈ। ਐਕਸ਼ਨ ਕਮੇਟੀ ਆਗੂਆਂ ਸੁਰਮੁੱਖ ਸਿੰਘ ਸਿੱਧੂ, ਬਲਜਿੰਦਰ ਸਿੰਘ ਰਿੰਪੀ ਆਦਿ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਸੜਕ ਬਣਾਉਣ ਲਈ ਆਪਣੀ ਜ਼ਮੀਨ ਨਹੀਂ ਦੇਣਗੇ ਜੋ ਵੀ ਅਧਿਕਾਰੀ ਖੇਤਾਂ ਵਿੱਚ ਆਉਣਗੇ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ। ਕਮੇਟੀ ਆਗੂਆਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਦੇ ਵਿਰੋਧ ਵਿੱਚ ‘ਜ਼ਮੀਨ ਬਚਾਓ, ਸੜਕ ਹਟਾਓ’ ਕਮੇਟੀ ਵੱਲੋਂ 7 ਜਨਵਰੀ ਨੂੰ ਤਹਿਸੀਲਦਾਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਅਤੇ 8 ਜਨਵਰੀ ਨੂੰ ਜ਼ਿਲ੍ਹਾ ਹੈਡ ਕੁਆਰਟਰ ਬਠਿੰਡਾ ਵਿਖੇ ਧਰਨਾ ਦਿੱਤਾ ਜਾਵੇਗਾ।