ਪੱਤਰ ਪ੍ਰੇਰਕ
ਭੁੱਚੋ ਮੰਡੀ, 27 ਨਵੰਬਰ
ਸਥਾਨਕ ਪੁਲੀਸ ਨੇ ਕੱਲ੍ਹ ਛੁੱਟੀ ਮਿਲਣ ਤੋਂ ਬਾਅਦ ਅਗਵਾ ਹੋਏ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਦੇ 9 ਸਾਲਾ ਵਿਦਿਆਰਥੀ ਗਗਨਦੀਪ ਨੂੰ ਕੁੱਝ ਘੰਟਿਆਂ ਬਾਅਦ ਹੀ ਲੱਭਣ ਵਿੱਚ ਸਫਲਤਾ ਹਾਸਲ ਕੀਤੀ ਹੈ ਪਰ ਅਗਵਾਕਾਰ ਪੁਲੀਸ ਦੇ ਅੜਿੱਕੇ ਨਹੀਂ ਚੜ੍ਹੇ। ਛੁੱਟੀ ਤੋਂ ਬਾਅਦ ਜਦੋਂ ਬੱਚਾ ਸਮੇਂ ਸਿਰ ਘਰ ਨਾ ਪਹੁੰਚਿਆ, ਤਾਂ ਮਾਪਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਚੌਕੀ ਇੰਚਾਰਜ ਕੌਰ ਸਿੰਘ ਨੇ ਦੱਸਿਆ ਕਿ ਅਗਵਾ ਹੋਏ ਬੱਚੇ ਦੇ ਪਿਤਾ ਓਮ ਸ਼ੰਕਰ ਅਤੇ ਅਧਿਆਪਕ ਨੇ ਪੁਲੀਸ ਨੂੰ ਗਸ਼ਤ ਦੌਰਾਨ ਘਟਨਾ ਬਾਰੇ ਸੂਚਿਤ ਕੀਤਾ ਸੀ। ਪੁਲੀਸ ਨੇ ਤੁਰੰਤ ਪੁਲੀਸ ਪਾਰਟੀਆਂ ਬਣਾ ਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਇਸ ਦੌਰਾਨ ਬਾਲਿਆਂਵਾਲੀ ਸੜਕ ’ਤੇ ਸਥਿਤ ਪਿੰਡ ਚੱਕ ਬਖਤੂ ਨੇੜੇ ਬੰਦ ਪਏ ਭੱਠੇ ਵਿੱਚੋਂ ਬੱਚੇ ਨੂੰ ਬਰਾਮਦ ਕਰ ਲਿਆ ਗਿਆ। ਬੱਚੇ ਅਨੁਸਾਰ ਅਗਵਾਕਾਰਾਂ ਨੇ ਉਸ ਨੂੰ ਸਾਰੀ ਰਾਤ ਭੱਠੇ ਵਿੱਚ ਰੱਖਿਆ ਅਤੇ ਰਾਤ ਨੂੰ ਖਾਣਾ ਵੀ ਖੁਆਇਆ ਸੀ। ਬੱਚੇ ਦੇ ਮਿਲਣ ’ਤੇ ਮਾਪਿਆਂ ਨੇ ਸੁੱਖ ਦਾ ਸਾਹ ਲਿਆ। ਪੁਲੀਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਅਗਵਾਕਾਰਾਂ ਤੱਕ ਪਹੁੰਚਣ ਦੇ ਯਤਨ ਵਿੱਚ ਲੱਗੀ ਹੋਈ ਸੀ।