ਜਸਵੰਤ ਜੱਸ
ਫ਼ਰੀਦਕੋਟ, 11 ਅਪਰੈਲ
ਜ਼ਿਲ੍ਹਾ ਪ੍ਰਸ਼ਾਸਨ ਨੇ ਜਨਤਕ ਥਾਵਾਂ ‘ਤੇ ਪਏ ਕੂੜੇ ਨੂੰ ਗ਼ੈਰ ਵਿਗਿਆਨਕ ਤਰੀਕੇ ਨਾਲ ਨਿਪਟਾਉਣ ਲਈ ਇਸ ਨੂੰ ਅੱਗ ਲਾ ਦਿੱਤੀ ਜਿਸ ਨਾਲ ਆਸ-ਪਾਸ ਦੇ ਰੁੱਖ ਵੀ ਸੜ ਗਏ। ਇਹ ਰੁੱਖ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਵਾਤਾਵਰਨ ਨਾਲ ਸਬੰਧਤ ਸੰਸਥਾ ‘ਸੀਰ’ ਨੇ ਕਾਫੀ ਮੁਸ਼ੱਕਤ ਨਾਲ ਲਾਏ ਅਤੇ ਪਾਲ਼ੇ ਸਨ ਪਰ ਪ੍ਰਸ਼ਾਸਨ ਵੱਲੋਂ ਕੂੜੇ ਨੂੰ ਲਾਈ ਅੱਗ ਕਾਰਨ ਸੈਂਕੜੇ ਰੁੱਖ ਝੁਲਸ ਗਏ ਹਨ ਜਿਸ ਤੋਂ ਨਿਰਾਸ਼ ਵਾਤਾਵਰਨ ਪ੍ਰੇਮੀਆਂ ਨੇ ਅੱਜ ਸਵੇਰੇ ਹੀ ਡਿਪਟੀ ਕਮਿਸ਼ਨਰ ਦੀ ਸਰਕਾਰੀ ਰਿਹਾਇਸ਼ ਅੱਗੇ ਧਰਨਾ ਲਾ ਦਿੱਤਾ। ਵਾਤਾਵਰਨ ਪ੍ਰੇਮੀ ਸੰਦੀਪ ਅਰੋੜਾ, ਸੰਜੀਵ ਕੁਮਾਰ, ਸੰਦੀਪ ਗਰਗ ਅਤੇ ਬਲਤੇਜ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸਰਕਾਰੀ ਦਫ਼ਤਰਾਂ ਅਤੇ ਹੋਰ ਜਨਤਕ ਥਾਵਾਂ ’ਤੇ ਪਏ ਕੂੜੇ ਨੂੰ ਅੱਗ ਲਾਉਣ ਕਾਰਨ ਕਾਫ਼ੀ ਰੁੱਖਾਂ ਦਾ ਨੁਕਸਾਨ ਹੋ ਗਿਆ ਹੈ ਅਤੇ ਉਨ੍ਹਾਂ ਨੇ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਸੀ, ਇਸ ਦੇ ਬਾਵਜੂਦ ਇਹ ਵਰਤਾਰਾ ਬੰਦ ਨਹੀਂ ਹੋਇਆ।
ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਇਸ ਮਾਮਲੇ ਦੀ ਤੁਰੰਤ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤਾ ਹੈ ਕਿ ਜੇਕਰ ਭਵਿੱਖ ਵਿੱਚ ਜਨਤਕ ਥਾਵਾਂ ਉੱਪਰ ਪਏ ਘਾਹ-ਫੂਸ ਅਤੇ ਕੂੜੇ ਨੂੰ ਅੱਗ ਲਾਈ ਗਈ ਤਾਂ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ।