ਹਰਦੀਪ ਸਿੰਘ ਜਟਾਣਾ
ਮਾਨਸਾ, 4 ਅਗਸਤ
ਸੜਕ ਨਿਰਮਾਣ ਵਿਭਾਗ ਨੇ ਮੀਂਹ ਦੇ ਪਾਣੀ ਅਤੇ ਸੀਵਰੇਜ ਦੇ ਚਿੱਕੜ ਵਾਲੇ ਗੰਦੇ ਪਾਣੀ ’ਚ ਡੁੱਬੀ ਬਰਨਾਲਾ-ਸਿਰਸਾ ਵਾਇਆ ਮਾਨਸਾ ਅੰਤਰਰਾਜੀ ਸੜਕ ਦੀ ਸਫਾਈ ਅਤੇ ਮੁਰੰਮਤ ਕਰਨ ਦੀ ਥਾਂ ਬੈਰੀਕੇਡ ਲਾ ਕੇ ਬੰਦ ਹੀ ਕਰ ਦਿੱਤੀ ਹੈ। ਮਾਨਸਾ ਕੈਂਚੀਆਂ ਕੋਲ ਬਰਨਾਲਾ ਵੱਲੋਂ ਆ ਰਹੀ ਆਵਾਜਾਈ ਨੂੰ ਬੰਦ ਕੀਤੀ ਜਾਣ ਕਰਕੇ ਭਾਰੀ ਵਾਹਨਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਸਤਾ ਬੰਦ ਹੋਣ ਕਰਕੇ ਬਰਨਾਲਾ ਵੱਲੋਂ ਆ ਰਹੀ ਟਰੈਫਿਕ ਨੂੰ ਉਲਟ ਪਾਸੇ ਤੋਂ ਗੁਜ਼ਰਨਾ ਪੈਂਦਾ ਹੈ। ਅੱਗੇ ਚੌਕ ਹੋਣ ਕਾਰਨ ਜ਼ਿਆਦਾ ਲੰਬਾਈ ਵਾਲੇ ਵਾਹਨਾਂ ਨੂੰ ਕਾਫੀ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ। ਨੇੜਲੇ ਦੁਕਾਨਦਾਰਾਂ ਨੇ ਦੱਸਿਆ ਕਿ ਦਿਨ ਵਿੱਚ ਇੱਥੇ ਪੰਜਾਹ ਵਾਰ ਜਾਮ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤਾਂ ਕੁੱਝ ਕਰਦੀ ਨਹੀਂ, ਹੁਣ ਉਹ ਆਪਣੀਆਂ ਜੇਬਾਂ ’ਚੋਂ ਪੈਸੇ ਇਕੱਠੇ ਕਰ ਰਹੇ ਹਨ, ਤਾਂ ਜੋ ਗੰਦਗੀ ਚੁੱਕੀ ਜਾ ਸਕੇ। ਜ਼ਿਕਰਯੋਗ ਹੈ ਕਿ ਦੂਸਰੀ ਵਾਰ ਬਣੀ ਪੰਚਾਇਤ ਵਾਲੇ ਮਾਨਸਾ ਕੈਂਚੀਆਂ ਦੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ।
ਐਕਸੀਅਨ ਨੇ ਮੁਰੰਮਤ ਦਾ ਭਰੋਸਾ ਦਿੱਤਾ: ਜ਼ਿਲ੍ਹਾ ਪਰਿਸ਼ਦ ਮੈਂਬਰ
ਸਰਪੰਚ ਹਰਬਖ਼ਸ਼ ਸਿੰਘ ਨੇ ਦੱਸਿਆ ਕਿ ਚੌਕ ਅਤੇ ਸੜਕ ਦੀ ਮੰਦੀ ਹਾਲਤ ਸਬੰਧੀ ਉਹ ਕਈ ਵਾਰ ਉੱਚ ਅਧਿਕਾਰੀਆਂ ਨੁੰ ਬੇਨਤੀਆਂ ਕਰ ਚੁੱਕੇ ਹਨ ਪਰ ਹਾਲੇ ਤੱਕ ਕੋਈ ਮਸਲਾ ਹੱਲ ਨਹੀਂ ਹੋਇਆ। ਜ਼ਿਲ੍ਹਾ ਪਰਿਸ਼ਦ ਮੈਂਬਰ ਬਬਲਜੀਤ ਸਿੰਘ ਖਿਆਲਾ ਨੇ ਦੱਸਿਆ ਕਿ ਇਸ ਸਬੰਧੀ ਸੜਕ ਨਿਰਮਾਣ ਵਿਭਾਗ ਦੇ ਸਬੰਧਿਤ ਐਕਸੀਅਨ ਨਾਲ ਗੱਲ ਕੀਤੀ ਹੈ। ਉਨ੍ਹਾਂ ਜਲਦੀ ਹੀ ਸੜਕ ਦੀ ਹਾਲਤ ਠੀਕ ਕਰਨ ਦਾ ਵਿਸ਼ਵਾਸ ਦਿਵਾਇਆ ਹੈ।