ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 27 ਅਗਸਤ
ਗੁਲਾਬੀ ਸੁੰਡੀ ਦੀ ਮਾਰ ਹੇਠ ਆਏ ਨਰਮੇ, ਮੀਂਹ ਕਾਰਨ ਨੁਕਸਾਨੀ ਗਈ ਫਸਲ ਤੇ ਮਕਾਨਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਕਿਸਾਨਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ ਵੀ ਜਾਰੀ ਰਿਹਾ। ਕੱਲ੍ਹ ਦੇਰ ਰਾਤ ਆਗੂਆਂ ਦੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨਾਲ ਮੀਟਿੰਗ ਹੋਈ, ਜਿਸ ਵਿੱਚ ਉਨ੍ਹਾਂ ਵਫ਼ਦ ਨੂੰ ਮੁਆਵਜ਼ੇ ਤੇ ਕੁਝ ਹੋਰਨਾਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ, ਜਿਸ ਮਗਰੋਂ ਡੀਸੀ ਦਫ਼ਤਰ ਦਾ ਘਿਰਾਓ ਖ਼ਤਮ ਕਰ ਦਿੱਤਾ ਗਿਆ ਹੈ ਪਰ ਧਰਨਾ ਨਾ ਚੁੱਕਣ ਦਾ ਫੈਸਲਾ ਲਿਆ ਗਿਆ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਸਾਂਝੀ ਅਗਵਾਈ ਹੇਠ ਇਥੇ ਬੀਤੇ ਤਿੰਨ ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਮੀਟਿੰਗ ਸਬੰਧੀ ਗੁਰਭਗਤ ਸਿੰਘ ਭਲਾਈਆਣਾ, ਗੁਰਜੰਟ ਸਿੰਘ ਸਾਉਂਕੇ, ਹਰਬੰਸ ਕੋਟਲੀ ਤੇ ਤਰਸੇਮ ਸਿੰਘ ਖੁੰਡੇ ਹਲਾਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਵਿਸ਼ਵਾਸ ਦਿਵਾਇਆ ਕਿ ਗੁਲਾਬੀ ਸੁੰਡੀ ਦਾ ਮੁਆਵਜ਼ਾ ਵੰਡਣਾ ਸ਼ੁਰੂ ਕਰ ਦਿੱਤਾ ਗਿਆ ਹੈ| ਮਜ਼ਦੂਰਾਂ ਨੂੰ ਨਰਮਾ ਚੁਗਾਈ ਦੇ ਮੁਆਵਜ਼ੇ ਵਿੱਚੋਂ ਬਰੀਵਾਲਾ ਖ਼ੇਤਰ ਵਿੱਚ ਚਾਰ ਲੱਖ ਰੁਪਿਆ ਵੰਡਿਆ ਜਾ ਚੁੱਕਾ ਹੈ ਤੇ ਬਾਕੀ ਰਹਿੰਦਾ ਮੁਆਵਜ਼ਾ ਜਲਦ ਵੰਡ ਦਿੱਤਾ ਜਾਵੇਗਾ| ਸੰਘਰਸ਼ੀ ਮਜ਼ਦੂਰ ਕਿਸਾਨਾਂ ’ਤੇ ਦਰਜ ਝੂਠੇ ਪੁਲੀਸ ਕੇਸ ਜਲਦ ਰੱਦ ਕਰਨ ਤੇ ਬੰਦ ਕੀਤੀ ਮਨਰੇਗਾ ਸਕੀਮ ਸਾਰੇ ਪਿੰਡਾ ਵਿੱਚ ਚਲਾਉਣ ਦਾ ਵੀ ਵਫਦ ਨੂੰ ਭਰੋਸਾ ਦਿੱਤਾ ਗਿਆ। ਵਫਦ ਨੇ ਪ੍ਰਸ਼ਾਸਨ ਦੀ ਲਗਾਤਾਰ ਜਾਰੀ ਦਿਨ ਰਾਤ ਦਾ ਧਰਨਾ ਚੁੱਕਣ ਦੀ ਅਪੀਲ ਠੁਕਰਾਉਂਦਿਆਂ ਮੰਗਾਂ ਦੀ ਮੁਕੰਮਲ ਪੂਰਤੀ ਤੱਕ ਰੋਸ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਮਜ਼ਦੂਰ ਕਿਸਾਨ ਆਗੂਆਂ ਪੂਰਨ ਸਿੰਘ ਦੋਦਾ, ਗੁਰਪਾਸ਼ ਸਿੰਘ ਸਿੰਘੇਵਾਲਾ, ਬਾਜ਼ ਸਿੰਘ ਭੁੱਟੀ ਵਾਲ਼ਾ, ਗੁਰਾਂਦਿੱਤਾ ਸਿੰਘ ਭਾਗਸਰ, ਰਾਜਾ ਸਿੰਘ ਖੂਨਣ ਖੁਰਦ, ਕਾਕਾ ਸਿੰਘ ਖੁੰਡੇ ਹਲਾਲ ਤੇ ਬਿੱਟੂ ਮੱਲਣ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਅਤੇ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਧਰਨੇ ਵਿੱਚ ਸ਼ਾਮਲ ਹੁੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਮੰਨੀਆਂ ਮੰਗਾਂ ਨੂੰ ਜਲਦ ਅਮਲੀ ਰੂਪ ਨਾ ਦਿੱਤਾ ਗਿਆ ਤਾਂ 29 ਅਗਸਤ ਨੂੰ ਡੀ.ਸੀ. ਦਫ਼ਤਰ ਦਾ ਮੁੜ ਘਿਰਾਓ ਕੀਤਾ ਜਾਵੇਗਾ| ਸੂਬਾਈ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਜਲਦ ਪੂਰੀਆਂ ਨਾ ਹੋਈਆਂ ਤਾਂ ਸੰਘਰਸ਼ ਨੂੰ ਸੂਬਾ ਪੱਧਰ ’ਤੇ ਲਿਜਾਇਆ ਜਾਵੇਗਾ|