ਜੋਗਿੰਦਰ ਸਿੰਘ ਮਾਨ
ਮਾਨਸਾ, 19 ਫਰਵਰੀ
ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦੀ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਸੰਸਦੀ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ’ਚ ਹੋਈ ਭਾਰੀ ਹਾਰ ਦੀ ਪਾਰਟੀ ਵਲੋਂ ਪੜਚੋਲ ਕਰਵਾਈ ਜਾਣ ਲੱਗੀ ਹੈ।
ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪਾਰਟੀ ਹਾਈਕਮਾਂਡ ਵੱਲੋਂ ਸਥਾਨਕ ਆਗੂਆਂ ਤੋਂ ਮਾਨਸਾ ਤੋਂ ਇਲਾਵਾ ਬੁਢਲਾਡਾ, ਜੋਗਾ, ਬਰੇਟਾ ਤੇ ਬੋਹਾ ਵਿਚ ਹੋਈ ਹਾਰ ਦੇ ਅਸਲ ਕਾਰਨ ਲੱਭੇ ਜਾ ਰਹੇ ਹਨ । ਇੱਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਪਾਰਟੀ ਪਾਰਟੀ ਦੀ ਭੁਗਤੀਆਂ ਵੋਟਾਂ ਵਿੱਚ ਮਿਲੀ ਪ੍ਰਤੀਸ਼ਤਤਾ ਨੇ ਵੀ ਪਾਰਟੀ ਨੂੰ ਪ੍ਰੇਸ਼ਾਨੀ ਵਿੱਚ ਪਾਇਆ ਹੈ। ਮਾਨਸਾ ਤੋਂ ਸਿਰਫ਼ ਦੋ ਇਸਤਰੀ ਅਕਾਲੀ ਦਲ ਵਾਲੇ ਵਾਰਡਾਂ ਵਿੱਚ ਜੇਤੂ ਰਹੀਆਂ ਮਹਿਲਾਵਾਂ ਤੋਂ ਬਿਨਾਂ ਬਾਕੀ ਉਮੀਦਵਾਰਾਂ ਨੂੰ ਹੋਈ ਹਾਰ ਨੇ ਝੰਭ ਧਰਿਆ ਹੈ।
ਵੇਰਵਿਆਂ ਅਨੁਸਾਰ ਮਾਨਸਾ ਵਿੱਚ 62615 ਵੋਟਾਂ ਵਿਚੋਂ 46281 ਵੋਟਾਂ ਭੁਗਤੀਆਂ ਸਨ, ਜੋ 73.91 ਫੀਸਦੀ ਬਣਦੀਆਂ ਹਨ , ਜਿਨ੍ਹਾਂ ਵਿੱਚੋਂ ਕਾਂਗਰਸ ਦੇ ਉਮੀਦਵਾਰਾਂ ਨੂੰ 18389 (39.73 ਪ੍ਰਤੀਸ਼ਤ), ਸ਼੍ਰੋਮਣੀ ਅਕਾਲੀ ਦਲ ਦੇ 13 ਉਮੀਦਵਾਰਾਂ ਨੂੰ ਕੁੱਲ ਵੋਟਾਂ 4868 (10.52 ਪ੍ਰਤੀਸ਼ਤ) ਮਿਲੀਆਂ ਹਨ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਆਮ ਆਦਮੀ ਪਾਰਟੀ ਦੀ ਪੁਜੀਸ਼ਨ ਵੀ ਪਤਲੀ ਰਹੀ ਹੈ, ਉਸ ਨੂੰ 21 ਵਾਰਡਾਂ ਚੋਂ 5207 (11.25 ਪ੍ਰਤੀਸ਼ਤ) ਵੋਟਾਂ ਮਿਲੀਆਂ ਹਨ, ਜਦੋਂ ਕਿ ਭਾਰਤੀ ਜਨਤਾ ਪਾਰਟੀ ਨੂੰ 14 ਵਾਰਡਾਂ ’ਚੋਂ ਕਮਲ ਦੇ ਫੁੱਲ ਲਈ ਕੁੱਲ 1277 (2.76 ਪ੍ਰਤੀਸ਼ਤ) ਵੋਟਾਂ ਮਿਲੀਆਂ ਹਨ।