ਖੇਤਰੀ ਪ੍ਰਤੀਨਿਧ
ਬਰਨਾਲਾ, 17 ਸਤੰਬਰ
ਭਾਜਪਾ ਦੀ ਕੇਂਦਰੀ ਮੋਦੀ ਹਕੂਮਤ ਵੱਲੋਂ ਲੰਘੇ ਵਰ੍ਹੇ ਅੱਜ ਦੇ ਦਿਨ ਥੋਪੇ ਗਏ ਤਿੰਨ ਖੇਤੀ ਕਾਨੂੰਨਾਂ ਦੀ ਅੱਜ ਵਰ੍ਹੇਗੰਢ ਮੌਕੇ ਸੰਯੁਕਤ ਮੋਰਚੇ ਵੱਲੋਂ ਸਥਾਨਕ ਰੇਲਵੇ ਸਟੇਸ਼ਨ ਧਰਨੇ ਤੋਂ ਸ਼ਹਿਰ ਦੇ ਬਾਜ਼ਾਰਾਂ ’ਚ ਰੋਹ ਭਰਪੂਰ ਰੋਸ ਪ੍ਰਦਰਸ਼ਨ ਕਰਨ ਉਪਰੰਤ ਉਕਤ ਕਾਨੂੰਨਾਂ ਦੀਆਂ ਕਾਪੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਸਾੜੀ ਗਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਸਾਲ ਅੱਜ ਦੇ ਦਿਨ ਲੋਕ ਸਭਾ ਵਿੱਚ ਤਿੰਨੇ ਖੇਤੀ ਕਾਨੂੰਨ ਪਾਸ ਕੀਤੇ ਗਏ ਸਨ ਤੇ ਇਨ੍ਹਾਂ ਨੂੰ 20 ਸਤੰਬਰ ਵਾਲੇ ਦਿਨ ਰਾਜ ਸਭਾ ’ਚੋਂ ਵੀ ਪਾਸ ਕਰਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਅੱਜ ਕਾਨੂੰਨਾਂ ਦੀ ਇਸ ਵਰ੍ਹੇਗੰਢ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਆ। ਇਸ ਦੌਰਾਨ ਖੇਤੀ ਕਾਨੂੰਨ ਰੱਦ ਕਰੋ ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਬਾਜ਼ਾਰਾਂ ਵਿਚੋਂ ਦੀ ਰੋਹ-ਭਰਪੂਰ ਮੁਜ਼ਾਹਰਾ ਕੀਤਾ ਗਿਆ ਅਤੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਤੇ ਪ੍ਰਧਾਨ ਮੰਤਰੀ ਦੀ ਅਰਥੀ ਸਾੜੀ ਗਈ। ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਰਣਧੀਰ ਸਿੰਘ ਰਾਜਗੜ੍ਹ, ਸਰਬਜੀਤ ਸਿੰਘ ਠੀਕਰੀਵਾਲਾ, ਨੇਕਦਰਸ਼ਨ ਸਿੰਘ ਤੇ ਗੁਰਦੇਵ ਸਿੰਘ ਮਾਂਗੇਵਾਲ ਨੇ ਸੰਬੋਧਨ ਕੀਤਾ।
ਫੋਟੋ: 17ਬੱਲੀ-1
ਕੈਪਸ਼ਨ: ਖੇਤੀ ਕਾਨੂੰਨਾਂ ਦੀ ਵਰ੍ਹੇਗੰਢ ਮੌਕੇ ਬਰਨਾਲਾ ’ਚ ਰੋਸ ਪ੍ਰਦਰਸ਼ਨ ਕਰਦੇ ਹੋੋਏ ਕਿਸਾਨ।-ਫੋਟੋ: ਬੱਲੀ