ਖੇਤਰੀ ਪ੍ਰਤੀਨਿਧ
ਬਰਨਾਲਾ, 24 ਅਕਤੂਬਰ
ਸੰਯੁਕਤ ਕਿਸਾਨ ਮੋਰਚਾ ਬਰਨਾਲਾ, ਮਜ਼ਦੂਰਾਂ, ਮੁਲਾਜ਼ਮਾਂ ਤੇ ਛੋਟੇ ਕਾਰੋਬਾਰੀਆਂ ਦੇ ਭਰਵੇਂ ਇਕੱਠ ਨੇ ਅੱਜ ਸਵੇਰੇ ਨੌਂ ਵਜੇ ਹੰਡਿਆਇਆ ਚੌਕ ਵਿੱਚ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਅਸਥੀ ਕਲਸ਼ ਦਾ ਭਰਵਾਂ ਸਵਾਗਤ ਕੀਤਾ ਗਿਆ। ਮਾਨਸਾ ਤੋਂ ਚੱਲੀ ਕਲਸ਼ ਯਾਤਰਾ ਦਾ ਰਸਤੇ ’ਚ ਪੈਂਦੇ ਸਾਰੇ ਹੀ ਪਿੰਡਾਂ ਦੇ ਵਾਸੀਆਂ ਵੱਲੋਂ ਆਪ-ਮੁਹਾਰੇ ਸਵਾਗਤ ਕੀਤਾ ਗਿਆ। ਅਸਥੀ ਕਲਸ਼ ਦੇ ਹੰਢਿਆਇਆ ਚੌਕ ਪਹੁੰਚਣ ’ਤੇ ਮਾਹੌਲ ਬਹੁਤ ਭਾਵੁਕ ਹੋ ਗਿਆ। ਉਥੇ ਹਾਜ਼ਰ ਹਰ ਮਰਦ ਔਰਤ ਸ਼ਹੀਦਾਂ ਦੇ ਅਸਥੀ ਕਲਸ਼ ਮੂਹਰੇ ਖੜ੍ਹ ਕੇ ਇਉਂ ਭਾਵੁਕ ਹੋ ਕੇ ਫੋਟੋਆਂ ਖਿਚਵਾ ਰਿਹਾ ਸੀ ਜਿਵੇਂ ਇਹ ਉਸ ਦੇ ਆਪਣੇ ਹੀ ਕਿਸੇ ਪਰਵਾਰਕ ਮੈਂਬਰ ਦੀਆਂ ਅਸਥੀਆਂ ਹੋਣ। ਅਗਲੇ ਸਫਰ ’ਤੇ ਰਵਾਨਾ ਕਰਨ ਸਮੇਂ ਅਸਥੀਆਂ ਵਾਲੀ ਗੱਡੀ ਉਪਰੋਂ ਦੀ ਫੁੱਲਾਂ ਦੀ ਬਾਰਿਸ਼ ਕੀਤੀ ਗਈ ਤੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਸ਼ਹੀਦਾਂ ਦੀਆਂ ਅਸਥੀਆਂ ਨੂੰ ਵਿਦਾਇਗੀ ਦਿੱਤੀ ਗਈ।
ਇਸ ਮੌਕੇ ਇਕੱਠ ਨੂੰ ਸੰਯੁਕਤ ਕਿਸਾਨ ਮੋਰਚਾ ਆਗੂ ਮਨਜੀਤ ਧਨੇਰ ਤੋਂ ਇਲਾਵਾ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਰੈਣ ਦੱਤ, ਹਰਦੇਵ ਅਰਸ਼ੀ, ਮਨਜੀਤ ਰਾਜ, ਨਛੱਤਰ ਸਹੌਰ, ਕਰਮਜੀਤ ਬੀਹਲਾ, ਗੁਰਮੀਤ ਸੁਖਪੁਰਾ, ਅਮਰਜੀਤ ਕੌਰ, ਮੇਲਾ ਸਿੰਘ ਕੱਟੂ, ਗੁਰਮੇਲ ਸ਼ਰਮਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਸ਼ਹੀਦਾਂ ਦਾ ਖੂਨ ਅਜਾਈਂ ਨਹੀਂ ਜਾਵੇਗਾ। ਇਨ੍ਹਾਂ ਸ਼ਹੀਦਾਂ ਨੇ ਆਪਣਾ ਖੂਨ ਪਾ ਕੇ ਕਿਸਾਨ ਅੰਦੋਲਨ ਦੀ ਮਸ਼ਾਲ ਦੀ ਲਾਟ ਨੂੰ ਹੋਰ ਮਘਾਇਆ ਹੈ। ਕਿਸਾਨ ਅੰਦੋਲਨ ’ਚ ਹੁਣ ਤੱਕ ਸੱਤ ਸੌ ਤੋਂ ਵੱਧ ਸ਼ਹੀਦੀਆਂ ਦਿੱਤੀਆਂ ਜਾ ਚੁੱਕੀਆਂ ਹਨ ਇਨ੍ਹਾਂ ਸਾਰੇ ਸ਼ਹੀਦਾਂ ਦਾ ਸਾਡੇ ਸਿਰ ਇਹ ਕਰਜ਼ ਹੈ ਕਿ ਅਸੀਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾ ਹੀ ਘਰਾਂ ਨੂੰ ਵਾਪਸ ਪਰਤੀਏ। ਸ਼ਹੀਦਾਂ ਨੂੰ ਇਹੋ ਹੀ ਸੱਚੀ ਸ਼ਰਧਾਂਜਲੀ ਹੋਵੇਗੀ।
ਅਸਥੀ ਕਲਸ਼ ਯਾਤਰਾ ਨੂੰ ਪੂਰੇ ਸਤਿਕਾਰ ਸਹਿਤ ਅੱਗੇ ਪੜਾਅ ਰਾਮਪੁਰਾ ਲਈ ਰਵਾਨਾ ਕੀਤਾ। ਸੰਯੁਕਤ ਕਿਸਾਨ ਮੋਰਚਾ ਬਰਨਾਲਾ ਦੇ ਕਈ ਆਗੂ ਅੱਗੇ ਹੁਸੈਨੀਵਾਲਾ ਤੱਕ ਯਾਤਰਾ ਦੇ ਨਾਲ ਜਾਣਗੇ ਜਿਥੇ ਸ਼ਾਮ ਚਾਰ ਵਜੇ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ ਜਾਵੇਗਾ। ਇਸ ਮੌਕੇ ਬੂਟਾ ਸਿੰਘ ਬੁਰਜ ਗਿੱਲ, ਦਰਸ਼ਨ ਸਿੰਘ ਉੱਗੋਕੇ, ਪਰੇਮਪਾਲ ਕੌਰ, ਚਰਨਜੀਤ ਕੌਰ, ਗੁਰਜੰਟ ਸਿੰਘ, ਹਰਚਰਨ ਚਹਿਲ, ਭੋਲਾ ਸਿੰਘ ਛੰਨਾ, ਜਗਰਾਜ ਹਰਦਾਸਪੁਰਾ, ਗੁਰਨਾਮ ਠੀਕਰੀਵਾਲਾ ਆਦਿ ਆਗੂ ਹਾਜ਼ਰ ਸਨ।
ਮਾਨਸਾ (ਜੋਗਿੰਦਰ ਸਿੰਘ ਮਾਨ) ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਮਾਨਸਾ ਵਿੱਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਦੇ ਭਰਵੇਂ ਇਕੱਠ ਨੇ ਕੈਂਚੀਆਂ ਚੌਕ ਵਿੱਚ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਅਸਥੀ ਕਲਸ਼ ਦਾ ਭਰਵਾਂ ਤੇ ਭਾਵ-ਭਿੰਨਾ ਸਵਾਗਤ ਕੀਤਾ। ਇਹ ਅਸਥੀ ਕਲਸ਼ ਬੁਢਲਾਡਾ ਆਈਟੀਆਈ ਚੌਕ ਤੋਂ ਚੱਲ ਕੇ ਭੀਖੀ ਹੁੰਦੇ ਹੋਏ ਮਾਨਸਾ ਕੈਂਚੀਆਂ ਪਹੁੰਚਣ ਉਪਰੰਤ ਪਿੰਡ ਫਫੜੇ ਭਾਈਕੇ ਦੇ ਗੁਰੂ ਘਰ ਵਿੱਚ ਰਾਤ ਦੌਰਾਨ ਠਹਿਰ ਕੀਤੀ ਗਈ। ਅੱਜ ਸਵੇਰੇ ਮਾਨਸਾ ਤੋਂ ਜ਼ਿਲ੍ਹਾ ਬਰਨਾਲਾ ਲਈ ਰਵਾਨਾ ਹੋਇਆ।
ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਸੂਬਾ ਪ੍ਰਧਾਨ ਬੋਘ ਸਿੰਘ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਸ਼ਹੀਦਾਂ ਦਾ ਖੂਨ ਅਜਾਈਂ ਨਹੀਂ ਜਾਵੇਗਾ ਤੇ ਇਨ੍ਹਾਂ ਸ਼ਹੀਦਾਂ ਨੇ ਆਪਣਾ ਖੂਨ ਪਾਕੇ ਕਿਸਾਨ ਅੰਦੋਲਨ ਦੀ ਮਸ਼ਾਲ ਦੀ ਲਾਟ ਨੂੰ ਹੋਰ ਮਘਾਇਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਅੰਦੋਲਨ ਵਿੱਚ ਹੁਣ ਤੱਕ 700 ਤੋਂ ਵੱਧ ਸ਼ਹੀਦੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਸ਼ਹੀਦਾਂ ਦਾ ਉਨ੍ਹਾਂ ਸਿਰ ਇਹ ਕਰਜ਼ ਹੈ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾ ਹੀ ਘਰਾਂ ਨੂੰ ਵਾਪਸ ਪਰਤਣਗੇ ਅਤੇ ਸ਼ਹੀਦਾਂ ਨੂੰ ਇਹੋ ਹੀ ਸੱਚੀ ਸ਼ਰਧਾਂਜਲੀ ਹੋਵੇਗੀ।
ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ
ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਸੰਯੁਕਤ ਕਿਸਾਨ ਮੋਰਚੇ ਵੱਲੋਂ ਟਿਕਰੀ ਬਾਰਡਰ ਦਿੱਲੀ ਤੋਂ ਸ਼ੁਰੂ ਕੀਤੀ ਕਲਸ਼ ਯਾਤਰਾ ਆਪਣੇ ਪੜਾਵਾਂ ਨੂੰ ਪਾਰ ਕਰਦੀ ਹੋਈ ਮਾਲਵੇ ਦੇ ਸ਼ਹਿਰ ਕੋਟਕਪੂਰਾ ਪੁੱਜੀ। ਦੁਪਰਿਹ ਕਰੀਬ 1 ਵਜੇ ਲਖੀਮਪੁਰ ’ਚ ਸ਼ਹੀਦ ਹੋਏ ਕਿਸਾਨਾਂ ਤੇ ਪੱਤਰਕਾਰ ਦੀਆਂ ਅਸਥੀਆਂ ਦਾ ਕਲਸ਼ ਲੈ ਕੇ ਇਹ ਯਾਤਰਾ ਕੋਟਕਪੂਰਾ ਪੁੱਜੀ। ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।