ਨਿਜੀ ਪੱਤਰ ਪ੍ਰੇਰਕ
ਮੋਗਾ, 21 ਅਪਰੈਲ
ਇਥੇ ਥਾਣਾ ਸਿਟੀ ਪੁਲੀਸ ਨੇ ਬੈਂਕ ਦੇ ਸੀਨੀ.ਅਸਿਟੈਂਟ ਮੈਨੇਜਰ ਖ਼ਿਲਾਫ਼ ਕਾਰ ਲੋਨ ’ਚ ਗਾਰੰਟੀ ਵਜੋਂ ਲਏ ਖਾਲੀ ਬੈਂਕ ਚੈੱਕਾਂ ਨਾਲ ਵਪਾਰੀ ਦੇ ਖਾਤੇ ਵਿੱਚੋਂ 17.50 ਲੱਖ ਰੁਪਏ ਕਢਵਾ ਕੇ ਠੱਗੀ ਮਾਰਨ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਥਾਣਾ ਸਿਟੀ ਮੁਖੀ ਇੰਸਪੈਕਟਰ ਨਵੀਨ ਕੁਮਾਰ ਨੇ ਦੱਸਿਆ ਕਿ ਚੇਤਨ ਕੁਮਾਰ ਵਾਸੀ ਨਿਹਾਲ ਸਿੰਘ ਵਾਲਾ, ਬਾਲਾ ਜੀ ਐਗਰੋ ਸੇਲਜ਼ ਦੇ ਨਾਂ ’ਤੇ ਕਾਰੋਬਾਰ ਕਰਦਾ ਹੈ। ਇਥੇ ਵਪਾਰੀ ਚੇਤਨ ਕੁਮਾਰ ਨੇ ਆਪਣੇ ਪਿਤਾ ਮੋਹਣ ਲਾਲ ਦੇ ਨਾਂ ਉੱਤੇ ਸੈਂਟਰਲ ਬੈਂਕ ਆਫ਼ ਇੰਡੀਆਂ ਦੀ ਸ਼ਾਖਾ ਵਿੱਚੋਂ 3 ਸਾਲ ਪਹਿਲਾਂ ਕਾਰ ਲੋਨ ਲਿਆ ਸੀ। ਬੈਂਕ ਨੇ ਇਸ ਕਾਰ ਲੋਨ ਦੀ ਗਾਰੰਟੀ ਦੇ ਤੌਰ ’ਤੇ ਵਪਾਰੀ ਚੇਤਨ ਕੁਮਾਰ ਕੋਲੋਂ ਖਾਲੀ ਚੈੱਕ ਲਏ ਸਨ। ਇਸ ਦੌਰਾਨ ਵਪਾਰੀ ਦੇ ਬੈਂਕ ਖਾਤੇ ਵਿੱਚੋਂ ਕਾਰ ਲੋਨ ਗਾਰੰਟੀ ਲਈ ਦਿੱਤੇ ਖਾਲੀ ਚੈੱਕਾਂ ਰਾਹੀਂ ਵੱਖ ਵੱਖ ਨਾਵਾਂ ’ਤੇ 17.50 ਲੱਖ ਰੁਪਏ ਦੀ ਰਕਮ ਕਢਵਾ ਲਈ ਗਈ। ਪੀੜਤ ਦੀ ਸ਼ਿਕਾਇਤ ’ਤੇ ਇਸ ਮਾਮਲੇ ਦੀ ਮੁਢਲੀ ਜਾਂਚ ਸਾਇਬਰ ਸੈੱਲ ਵੱਲੋਂ ਕੀਤੀ ਗਈ। ਪੁਲੀਸ ਦੀ ਮੁਢਲੀ ਪੜਤਾਲ ’ਚ ਪਤਾ ਲੱਗਾ ਕਿ ਇਸ ਬੈਂਕ ਦੇ ਸੀਨੀ.ਅਸਿਟੈਂਟ ਮੈਨੇਜਰ ਰਾਜ ਕੁਮਾਰ ਭਗਤ ਵਾਸੀ ਜੁਝਾਰ ਨਗਰ, ਮੋਗਾ ਨੇ ਸ਼ਿਕਾਇਤ ਕਰਤਾ ਚੇਤਨ ਕੁਮਾਰ ਵੱਲੋਂ ਕਾਰ ਲੋਨ ਲਈ ਗਾਰੰਟੀ ਵਿੱਚ ਦਿੱਤੇ ਖਾਲੀ ਚੈੱਕਾਂ ਰਾਹੀਂ ਇਹ ਰਕਮ ਆਪਣੇ ਕੁਝ ਰਿਸ਼ਤੇਦਾਰਾਂ ਦੇ ਖਾਤਿਆਂ ’ਚ ਟਰਾਂਜੈਕਸ਼ਨ ਕਰਵਾ ਲਈ। ਪੁਲੀਸ ਨੇ ਮੁਢਲੀ ਜਾਂਚ ਬਾਅਦ ਮੁਲਜ਼ਮ ਸੀਨੀ.ਅਸਿਟੈਂਟ ਮੈਨੇਜਰ ਰਾਜ ਕੁਮਾਰ ਭਗਤ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।