ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 11 ਜੂਨ
ਸ਼ਹਿਰ ਦੇ ਮਲੋਟ ਰੋਡ ’ਤੇ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਤਿੰਨ ਜਣਿਆਂ ਨੇ ਇਕ ਵਿਅਕਤੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਪੌਣੇ ਦੋ ਲੱਖ ਰੁਪਏ ਲੁੱਟ ਲਏ। ਇਸ ਸਬੰਧੀ ਪੀੜਤ ਹਰਦੇਸ਼ ਕੁਮਾਰ ਨੇ ਦੱਸਿਆ ਕਿ ਉਹ ਬਠਿੰਡਾ ਦੀ ਭਾਗਵਤ ਟ੍ਰੇਡਿੰਗ ਕੰਪਨੀ ’ਚ ਕਰਮਚਾਰੀ ਹੈ। ਉਨ੍ਹਾਂ ਦਾ ਝਾੜੂਆਂ ਦਾ ਕੰਮ ਹੈ ਤੇ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਵਿੱਚ ਉਨ੍ਹਾਂ ਦਾ ਮਾਲ ਆਇਆ ਸੀ। ਇਸ ਦੀ ਕੁਲੈਕਸ਼ਨ ਲਈ ਉਹ ਸ੍ਰੀ ਮੁਕਤਸਰ ਸਾਹਿਬ ਆਇਆ ਸੀ। ਉਹ ਜਦੋਂ ਵਾਪਸੀ ’ਤੇ ਈ-ਰਿਕਸ਼ਾ ਰਾਹੀਂ ਬੱਸ ਸਟੈਂਡ ਨੂੰ ਜਾ ਰਿਹਾ ਸੀ ਤਾਂ ਮਲੋਟ ਰੋਡ ’ਤੇ ਐਸਆਰਐਸ ਸਿਨੇਮਾ ਨਜ਼ਦੀਕ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਪੈਸਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਇਸ ਵਿੱਚ 1 ਲੱਖ 75 ਹਜ਼ਾਰ ਰੁਪਏ ਸਨ। ਥਾਣਾ ਸਿਟੀ ਦੇ ਇੰਚਾਰਜ ਮਲਕੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।