ਜੋਗਿੰਦਰ ਸਿੰਘ ਮਾਨ/ਜੀਵਨ ਕ੍ਰਾਂਤੀ
ਮਾਨਸਾ/ਝੁਨੀਰ, 17 ਅਗਸਤ
ਇੱਕ ਮਰਹੂਮ ਅਧਿਆਪਕ ਦੀ ਮੌਤ ਤੋਂ ਬਾਅਦ ਉਸਦੀ ਪਤਨੀ ਸਿਰ ਐੱਚਡੀਐੱਫਸੀ ਬੈਂਕ ਦੇ ਹੋਏ ਲੱਖਾਂ ਰੁਪਏ ਨਾ ਭਰ ਸਕਣ ਕਾਰਨ ਬੈਂਕ ਵੱਲੋਂ ਮਕਾਨ ਦੀ ਕੁਰਕੀ ਦੇ ਲਿਆਂਦੇ ਹੋਏ ਅਦਾਲਤੀ ਹੁਕਮਾਂ ਖ਼ਿਲਾਫ਼ ਅੱਜ ਵੱਖ-ਵੱਖ ਕਿਸਾਨ-ਮਜ਼ਦੂਰ ਜਥੇਬੰਦੀ ਸਣੇ ਮੁਲਾਜ਼ਮ ਧਿਰਾਂ ਨੇ ਅਜਿਹਾ ਡਟਵਾਂ ਸਟੈਂਡ ਲਿਆ ਕਿ ਨਿਲਾਮੀ ਲਈ ਪੁੱਜੀਆਂ ਧਿਰ ਨੂੰ ਬੇਰੰਗ ਵਾਪਸ ਮੁੜਨਾ ਪਿਆ।
ਇਸ ਮਾਮਲੇ ਲਈ ਲਾਏ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸੱਤਪਾਲ ਚੋਪੜਾ ਤੇ ਅਮਰੀਕ ਸਿੰਘ ਕੋਟਧਰਮੂ ਨੇ ਕਿਹਾ ਕਿ ਰਾਜਵਿੰਦਰ ਕੌਰ (ਘਰੇਲੂ ਔਰਤ) ਪਤਨੀ ਕਲਾਕਾਰ ਸਿੰਘ ਨੇ ਐੱਚਡੀਐੱਫਸੀ ਬੈਂਕ ਤੋਂ 25 ਲੱਖ ਰੁਪਏ ਦਾ ਹੋਮ ਲੋਨ ਲਿਆ ਸੀ। ਕਲਾਕਾਰ ਸਿੰਘ ਸਿੱਖਿਆ ਵਿਭਾਗ ’ਚ ਬਤੌਰ ਅਧਿਆਪਕ ਨੌਕਰੀ ਕਰ ਰਿਹਾ ਸੀ, ਜਿਸ ਆਧਾਰ ’ਤੇ ਬੈਂਕ ਵੱਲੋਂ ਇਹ ਵੱਡਾ ਕਰਜ਼ਾ ਦਿੱਤਾ ਗਿਆ, ਪਰ ਸਾਲ 2019 ਵਿਚ ਅਧਿਆਪਕ ਕਲਾਕਾਰ ਸਿੰਘ ਦੀ ਸੰਖੇਪ ਬੀਮਾਰੀ ਦੇ ਕਾਰਨ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਉਦੋਂ ਤੱਕ ਇਨ੍ਹਾਂ ਵੱਲੋਂ 12 ਲੱਖ ਦੇ ਕਰੀਬ ਲੋਨ ਦੀ ਰਕਮ ਵਾਪਸ ਭਰ ਦਿੱਤੀ ਸੀ, ਪਰ ਕਲਾਕਾਰ ਸਿੰਘ ਦੀ ਮੌਤ ਮਗਰੋਂ ਰਾਜਵਿੰਦਰ ਕੌਰ ਕੋਲੋਂ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਉਸ ਤੋਂ ਲੋਨ ਨਾ ਭਰਿਆ ਗਿਆ, ਜਿਸ ਕਰਕੇ ਸਬੰਧਤ ਬੈਂਕ ਨੇ ਵਿਆਜ ਦਰਾਂ ਵਿੱਚ ਵਾਧਾ ਕਰਦਿਆਂ ਉਸ ਦੇ ਮਕਾਨ ਦੀ ਕੁਰਕੀ ਕਰਨ ਦਾ ਨੋਟਿਸ ਉਨ੍ਹਾਂ ਦੇ ਗੇਟ ਅੱਗੇ ਲਾ ਦਿੱਤਾ।
ਉਧਰ ਮਕਾਨ ਦੀ ਕੁਰਕੀ ਦੇ ਮਾਮਲੇ ਦੀ ਭਿਣਕ ਜਥੇਬੰਦੀਆਂ ਨੂੰ ਪੈ ਗਈ, ਜਿਨ੍ਹਾਂ ਨੇ ਵਿਧਵਾ ਦਾ ਸਾਥ ਦੇਣ ਲਈ ਅੱਜ ਸਾਂਝੇ ਤੌਰ ’ਤੇ ਮਕਾਨ ਅੱਗੇ ਧਰਨਾ ਦੇ ਦਿੱਤਾ, ਪਰ ਕੋਈ ਨਿਲਾਮੀ ਕਰਨ ਲਈ ਨਾ ਬੁਹੜਿਆ। ਧਰਨੇ ’ਚ ਕੁੱਲ ਹਿੰਦ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਡਕੌਂਦਾ,ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਆਦਿ ਜਥੇਬੰਦੀਆਂ ਨੇ ਡੱਟ ਕੇ ਮਕਾਨ ਦੀ ਕੁਰਕੀ ਰੁਕਵਾਉਣ ਲਈ ਪਹਿਰੇਦਾਰੀ ਕੀਤੀ।
ਇਸੇ ਦੌਰਾਨ ਵਿਧਵਾ ਰਾਜਵਿੰਦਰ ਕੌਰ ਨੇ ਦੱਸਿਆ ਕਿ ਲੋਨ ਦੇਣ ਸਮੇਂ ਐੱਚਡੀਐੱਫਸੀ ਬੈਂਕ ਨੇ ਢਾਈ ਲੱਖ ਰੁਪਏ ਉਨ੍ਹਾਂ ਤੋਂ ਵਾਧੂ ਲੈ ਕੇ ਬੀਮਾ ਕੀਤਾ ਸੀ ਤਾਂ ਕਿ ਜੇ ਕਲਾਕਾਰ ਸਿੰਘ ਦੀ ਮੌਤ ਹੋ ਜਾਂਦੀ ਹੈ ਤਾਂ ਬਾਕੀ ਲੋਨ ਦੀਆਂ ਕਿਸ਼ਤਾਂ ਬੀਮਾ ਕੰਪਨੀ ਭਰੇਗੀ, ਪਰ ਹੁਣ ਬੈਂਕ ਵੱਲੋਂ ਕੁਰਕੀ ਦੇ ਆਰਡਰ ਲਿਆ ਕੇ ਉਨ੍ਹਾਂ ਨੂੰ ਧਮਕਾਇਆ ਅਤੇ ਡਰਾਇਆ ਜਾ ਰਿਹਾ ਹੈ। ਜਦੋਂਕਿ ਉਨ੍ਹਾਂ ਇਨਸਾਫ਼ ਲਈ ਅਦਾਲਤ ਵਿੱਚ ਕੇਸ ਵੀ ਪਾਇਆ ਹੋਇਆ ਹੈ।