ਪੱਤਰ ਪ੍ਰੇਰਕ
ਮਾਨਸਾ, 11 ਫਰਵਰੀ
ਨਗਰ ਕੌਸਲ ਚੋਣਾਂ ਲਈ ਭਲਕੇ 12 ਫਰਵਰੀ ਨੂੰ ਚੋਣ ਪ੍ਰਚਾਰ ਸਮਾਪਤ ਹੋਣ ਜਾ ਰਿਹਾ ਹੈ, ਪਰ ਇਸ ਚੋਣ ਪ੍ਰਚਾਰ ਦੌਰਾਨ ਮਾਲਵਾ ਖੇਤਰ ਦੇ ਅਨੇਕਾਂ ਸ਼ਹਿਰਾਂ ਵਿਚਲੀ ਬਹੁ-ਗਿਣਤੀ ਵਸੋਂ ਲਈ ਲੋੜੀਂਦੇ ਦਰਜਨਾਂ ਅਹਿਮ ਮਾਮਲੇ ਅਤੇ ਮੁੱਦੇ ਇਨ੍ਹਾਂ ਚੋਣਾਂ ਸਬੰਧੀ ਚੱਲੇ ਹਫ਼ਤੇ ਭਰ ਦੇ ਪ੍ਰਚਾਰ ਦੌਰਾਨ ਮੂਲ ਰੂਪ ਵਿੱਚ ਗਾਇਬ ਰਹੇ ਹਨ।
ਚੋਣਾਂ ਦੇ ਇਸ ਘੋਲ ਵਿੱਚ ਕਿਸੇ ਵੀ ਪਾਰਟੀ ਵੱਲੋਂ ਸ਼ਹਿਰ ਦੇ ਸੰਤੁਲਿਤ ਅਤੇ ਸਰਵਪੱਖੀ ਵਿਕਾਸ ਬਾਰੇ ਆਪਣਾ ਭਵਿੱਖ ਨਕਸ਼ਾ ਜਾਂ ਏਜੰਡਾ ਮੈਨੀਫੈਸਟੋ ਦੇ ਰੂਪ ਵਿੱਚ ਕਿਸੇ ਵੀ ਸ਼ਹਿਰ ਦੀ ਜਨਤਾ ਸਾਹਮਣੇ ਨਹੀਂ ਰੱਖਿਆ। ਭਾਵੇਂ ਮਾਨਸਾ ਸ਼ਹਿਰ ਵਿਚ ਨਗਰ ਕੌਂਸਲ ਵਲੋਂ ਉਸਾਰਿਆ ਕੋਈ ਟਾਊਨ ਹਾਲ ਨਹੀਂ, ਨੰਨੇ ਮੁੰਨਿਆਂ ਲਈ ਕੋਈ ਕਰੱਚ ਨਹੀਂ, ਪੀੜਤ ਔਰਤਾਂ ਲਈ ਕੋਈ ਨਾਰੀ ਕੇਂਦਰ, ਨਾਰੀ ਸ਼ੈਲਟਰ ਨਹੀਂ, ਕੋਈ ਵਹੀਕਲ ਪਾਰਕਿੰਗ ਨਹੀਂ, ਕਿਤੇ ਜਨਤਕ ਪਖਾਨੇ ਨਹੀਂ, ਨੌਜਵਾਨਾਂ ਲਈ ਕੋਈ ਕਲੱਬ ਨਹੀਂ, ਬਜ਼ੁਰਗਾਂ ’ਤੇ ਬੱਚਿਆਂ ਦੇ ਘੁੰਮਣ-ਖੇਡਣ ਲਈ ਕੋਈ ਰਾਖਵੀਂ ਜਗ੍ਹਾ ਨਹੀਂ ਅਤੇ ਸੰਤ ਲੋਂਗੋਵਾਲ ਦੇ ਨਾਮ ’ਤੇ ਬਣੀ ਇਕੋ-ਇੱਕ ਮਿਉਂਸਿਪਲ ਲਾਈਬ੍ਰੇਰੀ ਰੱਖ-ਰਖਾਅ ਦੀ ਘਾਟ ਕਾਰਨ ਬਹੁਤ ਖਸਤਾ ਹਾਲਤ ਵਿਚ ਹੈ, ਪਰ ਅਜਿਹੇ ਮਾਮਲੇ ਵੀ ਸਿਆਸੀ ਪ੍ਰਭੂਆਂ ਦੀਆਂ ਤਕਰੀਰਾਂ ਦਾ ਹਿੱਸਾ ਨਹੀਂ ਬਣ ਸਕੇ ਹਨ।