ਸੰਜੀਵ ਹਾਂਡਾ
ਫ਼ਿਰੋਜ਼ਪੁਰ,4 ਜੂਨ
ਸਿੱਖ ਪੰਥ ਦੇ ਮਹਾਨ ਸ਼ਹੀਦਾਂ ਦੇ ਖ਼ਿਲਾਫ਼ ਅਪਸ਼ਬਦ ਬੋਲਣ ਵਾਲੇ ਅੰਮ੍ਰਿਤਧਾਰੀ ਸਿੱਖ ਹਰਦੀਪ ਸਿੰਘ ਨਮਾਣਾ ਨੂੰ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਭਜਾ-ਭਜਾ ਕੇ ਕੁੱਟਿਆ। ਇਹ ਘਟਨਾ ਬੁੱਧਵਾਰ ਦੀ ਹੈ ਤੇ ਇਸਦੀ ਇੱਕ ਵੀਡਿਓ ਵੀਰਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਹਰਦੀਪ ਸਿੰਘ ਸਰਕਾਰੀ ਮੁਲਾਜ਼ਮ ਤੇ ਗੁਰਦੁਆਰੇ ਦਾ ਗ੍ਰੰਥੀ ਦੱਸਿਆ ਜਾਂਦਾ ਹੈ। ਉਸਨੇ ਸਿੱਖ ਪੰੰਥ ਦੇ ਮਹਾਨ ਸ਼ਹੀਦਾਂ ਭਾਈ ਮਨੀ ਸਿੰਘ, ਭਾਈ ਦਯਾ ਸਿੰਘ ਤੇ ਬਾਬਾ ਦੀਪ ਸਿੰਘ ਆਦਿ ਖ਼ਿਲਾਫ਼ ਸੋਸ਼ਲ ਮੀਡੀਆ ਰਾਹੀਂ ਗਲਤ ਟਿੱਪਣੀ ਕਰਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ। ਇਸ ਬਾਰੇ ਜਦੋਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਰਪ੍ਰਸਤ ਭਾਈ ਲਖਵੀਰ ਸਿੰਘ ਮਹਾਲਮ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੀ ਅਗਵਾਈ ਵ’ਚ ਇੰਟਰਨੈਸ਼ਨ ਪੰਥਕ ਦਲ ਦੇ ਪੰਜਾਬ ਪ੍ਰਧਾਨ ਭਾਈ ਸਤਨਾਮ ਸਿੰਘ ਵੱਲੀਆਂ,ਜੰਗ ਸਿੰਘ ਲੁਧਿਆਣਾ, ਸੁਰਿੰਦਰ ਸਿੰਘ ਠੀਕਰੀਵਾਲ, ਗੁਰਨਾਮ ਸਿੰਘ ਮਹਾਲਮ, ਲਖਵਿੰਦਰ ਸਿੰਘ ਮੋਮੀ ਆਦਿ ਹਰਦੀਪ ਸਿੰਘ ਦੇ ਘਰ ਪਹੁੰਚ ਗਏ।
ਆਗੂਆਂ ਨੇ ਜਦੋਂ ਹਰਦੀਪ ਸਿੰਘ ਨੂੰ ਸਿੱਖ ਪੰਥ ਦੇ ਸ਼ਹੀਦਾਂ ਬਾਰੇ ਗਲਤ ਟਿੱਪਣੀ ਕਰਨ ਬਾਰੇ ਪੁੱਛਿਆ ਤਾਂ ਹਰਦੀਪ ਸਿੰਘ ਨੇ ਉਲਟਾ ਸ਼ਹੀਦਾਂ ਨੂੰ ਸਿੱਖ ਧਰਮ ਦੇ ਗੁਰੂਆਂ ਦੇ ਬਰਾਬਰ ਦਰਜਾ ਦੇਣ ’ਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਇਸੇ ਗੱਲ ਤੋਂ ਮਾਹੌਲ ਵਿਗੜ ਗਿਆ ਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸਨੂੰ ਫੜ ਕੇ ਥਾਣਾ ਸਦਰ ਵਿਚ ਲੈ ਆਏ। ਇਥੇ ਥਾਣੇ ’ਚ ਵੀ ਉਸਦੀ ਕੁੱਟਮਾਰ ਕੀਤੀ ਗਈ। ਵੀਰਵਾਰ ਨੂੰ ਇਸ ਸਬੰਧੀ ਗੁਰਦੁਆਰਾ ਸਾਰਾਗੜ੍ਹੀ ’ਚ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਹੋਈ। ਭਾਈ ਲਖਵੀਰ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਦੇ ਪਰਿਵਾਰ ਦੇ ਮੈਂਬਰ ਮੁਆਫ਼ੀ ਮੰਗ ਕੇ ਖਹਿੜਾ ਛੁਡਾਉਣਾ ਚਾਹੁੰਦੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਹਰਦੀਪ ਸਿੰਘ ਨੂੰ ਪਿਛਲੇ ਦਿਨੀਂ ਫ਼ਿਲਮਾਂ ’ਚ ਘਾਟਾ ਪੈਣ ਨਾਲ ਉਸਦੀ ਦਿਮਾਗੀ ਹਾਲਤ ਠੀਕ ਨਹੀਂ ਹੈ, ਜਿਸ ਕਾਰਨ ਉਸਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ।